ਨਵੀਂ ਦਿੱਲੀ: ਟੀ20 ਵਿਸ਼ਵ ਕੱਪ ਵਿਚ 24 ਅਕਤੂਬਰ ਨੂੰ ਪਾਕਿਸਤਾਨ ਹੱਥੋਂ ਭਾਰਤ ਦੀ ਹਾਰ ਮਗਰੋਂ ਸਾਬਕਾ ਸਪਿੰਨਰ ਹਰਭਜਨ ਸਿੰਘ ਤੇ ਪਾਕਿ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਵਿਚਾਲੇ ਟਵਿੱਟਰ ਉਤੇ ਸ਼ਬਦੀ ਤਕਰਾਰ ਹੋ ਗਿਆ। ਅੱਠ ਟਵੀਟਾਂ ਦੀ ਲੜੀ ਵਿਚ ਹਰਭਜਨ ਨੇ ਆਮਿਰ ਨੂੰ ਇੰਗਲੈਂਡ ਦੇ ਮੈਚ ਫਿਕਸਿੰਗ ਘੁਟਾਲੇ ਬਾਰੇ ਚੇਤੇ ਕਰਾਇਆ। ਇਸ ਵਿਚ ਆਮਿਰ, ਮੁਹੰਮਦ ਆਸਿਫ਼ ਤੇ ਸਲਮਾਨ ਬੱਟ ਨੂੰ ਕੌਮਾਂਤਰੀ ਤੇ ਘਰੇਲੂ ਕ੍ਰਿਕਟ ਖੇਡਣ ਤੋਂ ਪੰਜ ਸਾਲ ਲਈ ਰੋਕ ਦਿੱਤਾ ਗਿਆ ਸੀ। ਇਹ ਸਭ ਉਦੋਂ ਸ਼ੁਰੂ ਹੋਇਆ ਜਦ ਆਮਿਰ ਨੇ ਮੈਚ ਮਗਰੋਂ ਟਵੀਟ ਕਰ ਕੇ ਵਿਅੰਗ ਕਸਿਆ ਕਿ ‘ਹਰਭਜਨ ਭਾਅ ਜੀ ਨੇ ਕਿਤੇ ਆਪਣਾ ਟੀਵੀ ਤਾਂ ਨਹੀਂ ਤੋੜਿਆ?’ ਇਸ ’ਤੇ ਹਰਭਜਨ ਨੇ ਜਵਾਬ ਦਿੱਤਾ ‘ਹੁਣ ਤੂੰ ਵੀ ਬੋਲੇਂਗਾ?’ ਹਰਭਜਨ ਨੇ ਟਵੀਟ ਵਿਚ ਪਾਕਿਸਤਾਨ ਖ਼ਿਲਾਫ਼ ਛੱਕਾ ਜੜਦੇ ਦੀ ਇਕ ਵੀਡੀਓ ਪੋਸਟ ਕਰਦਿਆਂ ਕਿਹਾ ‘ਇਸ ਛੱਕੇ ਦੀ ਲੈਂਡਿੰਗ ਤੇਰੇ ਘਰ ਦੇ ਟੀਵੀ ਉਤੇ ਤਾਂ ਨਹੀਂ ਹੋਈ ਸੀ?’ ਹਰਭਜਨ ਨੂੰ ਜਵਾਬ ਦਿੰਦਿਆਂ ਆਮਿਰ ਨੇ ਵੀ ਇਕ ਵੀਡੀਓ ਪੋਸਟ ਕਰ ਦਿੱਤੀ ਜਿਸ ਵਿਚ ਸ਼ਾਹਿਦ ਅਫ਼ਰੀਦੀ ਨੇ ਭਾਰਤੀ ਸਪਿੰਨਰ ਨੂੰ ਲਗਾਤਾਰ ਚਾਰ ਛੱਕੇ ਜੜੇ ਸਨ। -ਆਈਏਐਨਐੱਸ