ਨਵੀਂ ਦਿੱਲੀ, 20 ਜੁਲਾਈ
ਸਰਕਾਰ ਨੇ ਮੰਗਲਵਾਰ ਨੂੰ ਸੰਸਦ ਵਿੱਚ ਦੱਸਿਆ ਕਿ ਭਾਰਤ ਵਿੱਚ ਅਠਾਰਾਂ ਸਾਲਾਂ ਤੋਂ ਉੱਪਰ ਕੋਵਿਡ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਅਨੁਮਾਨਤ 94 ਕਰੋੜ ਬਣਦੀ ਹੈ ਅਤੇ ਇਸ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਕਰਨ ਲਈ 188 ਕਰੋੜ ਕੋਵਿਡ ਵੈਕਸੀਨ ਦੀ ਲੋੜ ਹੈ ਪਰ ਭਵਿੱਖ ਵਿੱਚ ਇਹ ਗਿਣਤੀ ਘਟ ਵੀ ਸਕਦੀ ਹੈ। ਸਿਹਤ ਰਾਜ ਮੰਤਰੀ ਭਾਰਤ ਪਰਵੀਨ ਨੇ ਮੌਜੂਦਾ ਕੋਵਿਡ ਵੈਕਸੀਨ ਬਣਾਉਣ ਵਾਲੀਆਂ ਫਰਮਜ਼ ਕੋਲ ਲੋੜ ਅਨੁਸਾਰ ਕੋਵਿਡ ਵੈਕਸੀਨ ਬਣਾਉਣ ਦੀ ਸਮਰੱਥਾ ਹੈ? ਸਬੰਧੀ ਪੁੱਛੇ ਲਿਖਤੀ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਮੌਜੂਦਾ ਸਾਲ 2021 ਵਿੱਚ ਅਨੁਮਾਨਤ 1.87 ਬਿਲੀਅਨ ਡੋਜ਼ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਹੋਰ ਵੈਕਸੀਨ ਵੀ ਪ੍ਰਵਾਨਗੀ ਮਿਲਣ ਤੋਂ ਬਾਅਦ ਲੋਕਾਂ ਦੇ ਟੀਕਾਕਰਨ ਲਈ ਵਰਤੀਆਂ ਜਾ ਸਕਣਗੀਆਂ। ਇੱਕ ਅਲੱਗ ਲਿਖ਼ਤੀ ਜੁਆਬ ਵਿੱਚ ਪਵਾਰ ਨੇ ਕਿਹਾ ਕਿ ਘਰੇਲੂ ਨਿਰਮਾਣ ਕੰਪਨੀਆਂ ਕੋਲੋਂ ਨਿੱਜੀ ਹਸਪਤਾਲਾਂ ਵੱਲੋਂ ਖ਼ਰੀਦਣ ਵਾਲੀਆਂ ਵੈਕਸੀਨ ਕੋਵਿਡਸ਼ੀਲਡ ਦੀ ਕੀਮਤ 600 ਤੇ ਕੋਵੈਕਸੀਨ ਦੀ ਕੀਮਤ 1200 ਰੱਖੀ ਗਈ ਹੈ।
ਸਾਇੰਸ ਤੇ ਟੈਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਚਾਰ ਟੀਕਿਆਂ ਸਬੰਧੀ ਟਰਾਇਲ ਵੱਖ-ਵੱਖ ਪੜਾਵਾਂ ’ਤੇ ਚੱਲ ਰਿਹਾ ਹੈ ਜਦੋਂ ਕਿ ਜੈਨਿਕ ਲਾਈਫ਼ ਸਾਇੰਸਜ ਵੱਲੋਂ ਬਣਾਇਆ ਟੀਕਾ ਫਿਲਹਾਲ ਕਲੀਨੀਕਲ ਪੜਾਅ ’ਤੇ ਹੈ। ਉਨ੍ਹਾਂ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦਾ ਲਿਖਤੀ ਉੱਤਰ ਦਿੰਦਿਆਂ ਦੱਸਿਆ ਕਿ ਕੈਡਿਲਾ ਹੈਲਥਕੇਅਰ ਲਿਮਿਟਡ ਦੇ ਡੀਐੱਨਏ ਅਧਾਰਿਤ ਟੀਕੇ ਦਾ ਤੀਸਰਾ ਪੜਾਅ ਚੱਲ ਰਿਹਾ ਜਿਸਨੇ ਕਿ ਐਂਮਰਜੈਂਸੀ ਵਰਤੋਂ ਲਈ ਉਪਯੋਗ ਸਬੰਧੀ ਮਨਜ਼ੂਰੀ ਹਾਸਲ ਕਰਨ ਲਈ ਆਖਰੀ ਅੰਕੜੇ ਪੇਸ਼ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਾਇਓਲੋਜੀਕਲ ਈ ਲਿਮਿਟਡ ਦੇ ਟੀਕੇ ਦੇ ਵੀ ਤੀਜੇ ਪੜਾਅ ਦਾ ਕਲੀਨਿਕਲ ਟਰਾਇਲ ਚੱਲ ਰਿਹਾ ਹੈ। -ਪੀਟੀਆਈ