ਪੱਤਰ ਪ੍ਰੇਰਕ
ਮਾਨਸਾ, 12 ਜੂਨ
ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐੱਸਪੀਐੱਲ) ਦਾ ਇੱਕ ਯੂਨਿਟ ਅੱਜ ਬੰਦ ਹੋ ਗਿਆ, ਜੋ ਸਾਰਾ ਦਿਨ ਕਈ ਯਤਨ ਕਰਨ ਦੇ ਬਾਵਜੂਦ ਮੁੜ ਚਾਲੂ ਨਾ ਹੋ ਸਕਿਆ। ਇਸ ਤਾਪਘਰ ਦੇ ਦੂਜੇ ਦੋ ਯੂਨਿਟਾਂ ਦੀ ਹਾਲਤ ਵੀ ਪਤਲੀ ਹੋ ਰਹੀ ਹੈ। 1980 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪਘਰ ਵੱਲੋਂ ਅੱਜ ਸ਼ਾਮ ਨੂੰ ਦੋਵੇਂ ਯੂਨਿਟਾਂ ਰਾਹੀਂ ਸਿਰਫ਼ 648 ਮੈਗਾਵਾਟ ਬਿਜਲੀ ਹੀ ਸਪਲਾਈ ਕੀਤੀ ਗਈ। ਗੌਰਤਲਬ ਹੈ ਕਿ ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਇਸ ਤਾਪਘਰ ਦੇ ਤਿੰਨੋਂ ਯੂਨਿਟ ਬੰਦ ਹੋਣ ਕਾਰਨ ਸੂਬੇ ਵਿੱਚ ਬਿਜਲੀ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ। ਤਾਪਘਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਯੂਨਿਟ ਨੰਬਰ-2 ਕਿਸੇ ਮਾਮੂਲੀ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਹੈ। ਮਾਹਿਰਾਂ ਮੁਤਾਬਕ ਭਲਕੇ ਇਹ ਯੂਨਿਟ ਉਤਪਾਦਨ ਸ਼ੁਰੂ ਕਰ ਦੇਵੇਗਾ। ਅੱਜ ਯੂਨਿਟ ਨੰਬਰ-1 ਵੱਲੋਂ 353 ਤੇ 3 ਵੱਲੋਂ 295 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ।
ਇਸੇ ਤਰ੍ਹਾਂ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬੱਤ ਦੇ ਦੋ ਯੂਨਿਟ ਚੱਲ ਰਹੇ ਹਨ। ਇਨ੍ਹਾਂ ਯੂਨਿਟਾਂ ਤੋਂ ਅੱਜ ਸ਼ਾਮ ਨੂੰ 362 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ। ਇਸ ਤਾਪਘਰ ਦੀ ਕੁਲ ਸਮਰੱਥਾ 920 ਹੈ। ਹਾਸਲ ਵੇਰਵਿਆਂ ਅਨੁਸਾਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ ਪੱਕੇ ਤੌਰ ’ਤੇ ਬੰਦ ਹਨ ਤੇ ਯੂਨਿਟ-3 ਵੱਲੋਂ 152, ਯੂਨਿਟ ਨੰਬਰ-4 ਵੱਲੋਂ 166, ਯੂਨਿਟ-5 ਵੱਲੋਂ 155 ਅਤੇ ਯੂਨਿਟ ਨੰਬਰ-6 ਵੱਲੋਂ 154 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। ਇਸ ਤਾਪਘਰ ਦੀ ਕੁਲ ਸਮਰੱਥਾ 840 ਮੈਗਾਵਾਟ ਹੈ।
ਰਾਜਪੁਰਾ ਵਿੱਚ ਲੱਗੇ ਐੱਲਐਂਡਟੀ ਦੇ ਤਾਪਘਰ ਦੇ ਦੋਵੇਂ ਯੂਨਿਟ ਭਖੇ ਹੋਏ ਹਨ, ਜਿਨ੍ਹਾਂ ਵੱਲੋਂ ਅੱਜ 536 ਅਤੇ 525 ਮੈਗਵਾਟ ਬਿਜਲੀ ਸਪਲਾਈ ਕੀਤੀ ਗਈ। ਇਸ ਤਾਪਘਰ ਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ। ਦੂਜੇ ਪਾਸੇ 540 ਮੈਗਾਵਾਟ ਦੀ ਸਮਰੱਥਾ ਵਾਲੇ ਤਾਪ ਘਰ ਜੀਵੀਕੇ ਗੋਇੰਦਵਾਲ ਦੇ ਯੂਨਿਟ ਨੰਬਰ-1 ਵੱਲੋਂ 153 ਮੈਗਾਵਾਟ ਬਿਜਲੀ ਉਤਪਾਦਨ ਹੋਇਆ, ਜਦਕਿ ਯੂਨਿਟ ਨੰਬਰ-2 ਕਈ ਦਿਨਾਂ ਤੋਂ ਬੰਦ ਹੈ।
ਪਿਛਲੇ ਦਿਨੀਂ 11 ਹਜ਼ਾਰ ਮੈਗਾਵਾਟ ਤੋਂ ਵੱਧ ਰਹੀ ਬਿਜਲੀ ਦੀ ਮੰਗ
ਪੰਜਾਬ ਵਿੱਚ ਜਿਉਂ-ਜਿਉਂ ਝੋਨੇ ਦੀ ਲਵਾਈ ਦੇ ਦਿਨ ਨੇੜੇ ਆਉਣ ਲੱਗੇ ਹਨ, ਤਿਉਂ-ਤਿਉਂ ਵੱਡੇ ਤਾਪਘਰਾਂ ਤੋਂ ਬਿਜਲੀ ਪੈਦਾਵਾਰ ਦਾ ਸੰਕਟ ਵਧਣ ਦੇ ਸ਼ੰਕੇ ਉੱਠਣ ਲੱਗ ਪਏ ਹਨ। ਸਰਹੱਦੀ ਖੇਤਰ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਖਪਤ 11253 ਮੈਗਾਵਾਟ ਰਹਿਣ ਦੀ ਸੂਚਨਾ ਮਿਲੀ ਹੈ, ਜੋ ਪਿਛਲੇ ਸਾਲ ਨਾਲੋਂ 971 ਮੈਗਾਵਾਟ ਜ਼ਿਆਦਾ ਹੈ। ਰਾਜ ਵਿੱਚ ਬਿਜਲੀ ਸਪਲਾਈ ’ਚ ਨੁਕਸ ਅਤੇ ਕੱਟ ਵਧਣ ਲੱਗੇ ਹਨ, ਓਵਰਲੋਡ ਟਰਾਂਸਫਾਰਮਰ ਲਗਾਤਾਰ ਟਰਿੱਪ ਕਰ ਰਹੇ ਹਨ, ਜਿਸ ਕਾਰਨ ਪਾਵਰ ਕਾਰਪੋਰੇਸ਼ਨ ਕੋਲ ਰੋਜ਼ਾਨਾ ਆਉਣ ਵਾਲੀਆਂ ਸ਼ਿਕਾਇਤ ਦੀ ਗਿਣਤੀ ਵਿੱਚ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਕੋਲ ਰੋਜ਼ 50 ਹਜ਼ਾਰ ਤੋਂ ਵੱਧ ਸ਼ਿਕਾਇਤ ਪੁੱਜ ਰਹੀਆਂ ਹਨ।