ਮਹਿਲ ਕਲਾਂ (ਪੱਤਰ ਪ੍ਰੇਰਕ): ਲੋਕ ਮੋਰਚਾ ਪੰਜਾਬ ਵੱਲੋਂ ‘ਇਨਕਲਾਬੀ ਬਦਲ ਉਸਾਰੋ ਮੁਹਿੰਮ’ ਤਹਿਤ ਲੋਕਾਂ ਨੂੰ ਇਨਕਲਾਬੀ ਬਦਲ ਉਸਾਰਨ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਨੇੜਲੇ ਪਿੰਡ ਹਮੀਦੀ ਵਿੱਚ ਕੀਤੀ ਗਈ ਵਿਸ਼ਾਲ ਇਕੱਤਰਤਾ ਦੌਰਾਨ ਸ਼ਹੀਦ ਭਗਤ ਸਿੰਘ ਦੇ ਨਾਅਰੇ ਇਨਕਲਾਬ ਜ਼ਿੰਦਾਬਾਦ ਨੂੰ ਬੁਲੰਦ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਮੁਲਕ ਦੇ ਰਾਜ ਤੇ ਸਮਾਜ ਨੂੰ ਬਦਲਣ ਲਈ ਮੌਜੂਦਾ ਅਨਿਆ ’ਤੇ ਟਿਕੇ ਰਾਜ ਪ੍ਰਬੰਧ ਦੇ ਢਾਂਚੇ ਨੂੰ ਮੁੱਢੋਂ ਬਦਲਣ ਦੀ ਲੋੜ ਹੈ। ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਸੰਕਟਾਂ ਦੀ ਮਾਰ ਝੱਲ ਰਹੇ ਮਿਹਨਤਕਸ਼ ਲੋਕਾਂ ਦੇ ਦੁੱਖਾਂ ਦੀ ਦਾਰੂ ਵਿਧਾਨ ਸਭਾ ਨਹੀਂ ਹੈ ਬਲਕਿ ਇਹ ਤਾਂ ਲੋਕ ਸੰਘਰਸ਼ਾਂ ਤੋਂ ਟੇਕ ਛੱਡ ਕੇ ਪਾਰਲੀਮਾਨੀ ਸੰਸਥਾਵਾਂ ਤੋਂ ਝਾਕ ਬਣਾਉਣ ਦਾ ਸਾਧਨ ਹੈ।