ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 4 ਅਕਤੂਬਰ
ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਸਥਾਨਕ ਵੱਡੀ ਈਦਗਾਹ ਤੋਂ ਲੁਧਿਆਣਾ ਬਾਈਪਾਸ ਤੱਕ ਅਤੇ ਈਦਗਾਹ ਤੋਂ ਰਾਏਕੋਟ ਰੇਲਵੇ ਫਾਟਕ ਤੱਕ 20.79 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਨਵ-ਨਿਰਮਾਣ ਦਾ ਉਦਘਾਟਨ ਕੀਤਾ। ਉਨ੍ਹਾਂ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੀ ਹੋਈ ਪੰਜਾਬ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸ਼ਹਿਰਾਂ ਅਤੇ ਪਿੰਡਾਂ ਵਿੱਚ ਬਗ਼ੈਰ ਪੱਖਪਾਤ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਦੋ ਮਹੀਨਿਆਂ ਅੰਦਰ 12 ਕਰੋੜ ਰੁਪਏ ਦੀ ਲਾਗਤ ਸ਼ਹਿਰ ਦੀਆਂ ਸੜਕਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੱਡੀ ਈਦਗਾਹ ਤੋਂ ਲੁਧਿਆਣਾ ਬਾਈਪਾਸ ਤੱਕ 1.49 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨੂੰ ਇੰਟਰਲਾਕ ਟਾਈਲਾਂ ਨਾਲ ਬਣਾਇਆ ਜਾਵੇਗਾ ਜਦੋਂ ਕਿ ਈਦਗਾਹ ਤੋਂ ਰਾਏਕੋਟ ਰੇਲਵੇ ਫਾਟਕ ਤੱਕ 1.28 ਕਰੋੜ ਰੁਪਏ ਦੀ ਲਾਗਤ ਨਾਲ ਲੁੱਕ-ਬਜਰੀ ਪਾ ਕੇ ਸੜਕ ਬਣਾਈ ਜਾਣੀ ਹੈ। ਉਨ੍ਹਾਂ ਮਾਲੇਰਕੋਟਲਾ ਸ਼ਹਿਰ ਦਾ ਸਰਵ-ਪੱਖੀ ਵਿਕਾਸ ਕਰਨ ਸਬੰਧੀ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਉਪਰ 70 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।
ਨਵੇਂ ਕਾਨੂੰਨ ਤਬਾਹੀ ਵਾਲੇ
ਸੰਦੌੜ (ਪੱਤਰ ਪ੍ਰੇਰਕ): ਪੰਜਾਬ ਦੀ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਨਾਲ ਸਬੰਧਿਤ ਕਾਲੇ ਕਾਨੂੰਨਾਂ ਨਾਲ ਜਿੱਥੇ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਵੇਗੀ, ਉੱਥੇ ਹੀ ਕਿਸਾਨਾਂ ਨਾਲ ਜੁੜੇ ਲੋਕ ਅਤੇ ਕਿੱਤੇ ਵੀ ਪ੍ਰਭਾਵਿਤ ਹੋ ਜਾਣਗੇ। ਉਨ੍ਹਾਂ ਇੱਥੇ ਅਨਾਜ ਮੰਡੀ ਵਿਚ ਹਲਕਾ ਮਾਲੇਰਕੋਟਲਾ ਤੋਂ 300 ਦੇ ਕਰੀਬ ਟਰੈਕਟਰਾਂ ਦੇ ਕਾਫ਼ਲੇ ਨੂੰ ਰਾਹੁਲ ਗਾਂਧੀ ਵੱਲੋਂ ਅੱਜ ਰਾਏਕੋਟ ਦੇ ਖੇਤਰ ਵਿਚ ਕੱਢੇ ਗਏ ਟਰੈਕਟਰ ਮਾਰਚ ਵਿਚ ਭੇਜਣ ਉਪਰੰਤ ਗੱਲਬਾਤ ਕਰ ਰਹੇ ਸਨ। ਮੰਤਰੀ ਸੁਲਤਾਨਾ ਆਪ ਵੀ ਟਰੈਕਟਰ ’ਤੇ ਸਵਾਰ ਹੋ ਕੇ ਮਾਰਚ ਵਿਚ ਸ਼ਾਮਲ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨ ਖੇਤੀਬਾੜੀ ਨੂੰ ਖ਼ਤਮ ਕਰਨ ਦੇਣਗੇ।