ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਸਾਧਾਰਨ ਸਲਾਹਕਾਰ ਬਣਨ ਤੋਂ ਇਨਕਾਰ ਕਰਨ ਵਾਲੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਮੁੱਖ ਰਣਨੀਤਕ ਸਲਾਹਕਾਰ ਬਣ ਗਏ ਹਨ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਦੱਸਿਆ ਕਿ ਮੁਹੰਮਦ ਮੁਸਤਫ਼ਾ ਹੁਣ ਮੁੱਖ ਰਣਨੀਤਕ ਸਲਾਹਕਾਰ ਹੋਣਗੇ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦਰਮਿਆਨ ਤਾਲਮੇਲ ਦਾ ਕੰਮ ਵੀ ਕਰਨਗੇ। ਨਵਜੋਤ ਸਿੱਧੂ ਨੇ ਨਵੀਂ ਜ਼ਿੰਮੇਵਾਰੀ ਦਾ ਨਿਯੁਕਤੀ ਪੱਤਰ ਖ਼ੁਦ ਮੁਹੰਮਦ ਮੁਸਤਫ਼ਾ ਨੂੰ ਸੌਂਪਿਆ। ਸੂਤਰਾਂ ਮੁਤਾਬਕ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਚੋਣ ਲੜਨ ਦੀ ਰੀਝ ਵੀ ਮਨ ਵਿੱਚ ਪਾਲ ਰਹੇ ਹਨ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਖੇਮੇ ਵਜੋਂ ਜਾਣਿਆ ਜਾਂਦਾ ਹੈ। ਡੀਜੀਪੀ ਦੀ ਦੌੜ ਵਿੱਚ ਪਛੜਨ ਮਗਰੋਂ ਉਹ ਮੁੱਖ ਮੰਤਰੀ ਤੋਂ ਨਾਰਾਜ਼ ਹੋ ਗਏ ਸਨ। ਇਹੋ ਵਜਾ ਹੈ ਕਿ ਉਹ ਹੁਣ ਨਵਜੋਤ ਸਿੱਧੂ ਦੀ ਪਸੰਦ ਬਣੇ ਹਨ।