ਮੁੱਖ ਅੰਸ਼
- ਪੰਜਾਬ ਵਿਰਾਸਤੀ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਦੇ ਦਫਤਰ ਵਿਚ ਪਏ ਨੇ ਬੁੱਤ
- ਬੁੱਤਾਂ ਨੂੰ ਜਨਤਕ ਥਾਵਾਂ ’ਤੇ ਲਾਉਣ ਦੀ ਯੋਜਨਾ ਵਿਚਾਰ ਅਧੀਨ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਮਾਰਚ
ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ (ਵਿਰਾਸਤੀ ਮਾਰਗ) ਵਿਚੋਂ ਹਟਾਏੇ ਗਏ ਭੰਗੜਾ ਤੇ ਗਿੱਧਾ ਦਰਸਾਉਂਦੇ ਬੁੱਤਾਂ ਨੂੰ ਹੁਣ ਤਕ ਕਿਸੇ ਹੋਰ ਥਾਂ ’ਤੇ ਮੁੜ ਲਾਉਣ ਲਈ ਕੋਈ ਯੋਗ ਥਾਂ ਨਹੀਂ ਮਿਲੀ ਹੈ, ਜਿਸ ਕਾਰਨ ਇਹ ਬੁੱਤ ਪੰਜਾਬ ਵਿਰਾਸਤੀ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਦੇ ਦਫਤਰ ਵਿਚ ਜਿਵੇਂ ਦੇ ਤਿਵੇਂ ਰੱਖੇ ਹੋਏ ਹਨ।
ਲਗਪਗ ਇਕ ਸਾਲ ਪਹਿਲਾਂ ਇਨ੍ਹਾਂ ਬੁੱਤਾਂ ਨੂੰ ਇਥੋਂ ਵਿਰਾਸਤੀ ਮਾਰਗ ਵਿਚੋਂ ਇਸ ਲਈ ਹਟਾ ਦਿੱਤਾ ਗਿਆ ਸੀ ਕਿਉਂਕਿ ਕੁਝ ਸਿੱਖ ਜਥੇਬੰਦੀਆਂ ਵਲੋਂ ਇਨ੍ਹਾਂ ਬੁੱਤਾਂ ਦਾ ਵਿਰੋਧ ਕੀਤਾ ਗਿਆ ਸੀ ਅਤੇ ਇਤਰਾਜ਼ ਵਜੋਂ ਇਨ੍ਹਾਂ ਨੂੰ ਤੋੜਣ ਦਾ ਯਤਨ ਕੀਤਾ ਸੀ। ਇਸ ਸਬੰਧੀ ਸਿੱਖ ਕਾਰਕੁਨਾਂ ਖਿਲਾਫ ਕੇਸ ਵੀ ਦਰਜ ਹੋਏ ਸਨ ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਇਨ੍ਹਾਂ ਕਾਰਕੁਨਾਂ ਦੇ ਹੱਕ ਵਿਚ ਨਿੱਤਰ ਆਈਆਂ ਸਨ ਅਤੇ ਸਰਕਾਰ ਨੂੰ ਬੁੱਤ ਹਟਾਉਣੇ ਪਏ ਸਨ।
ਪੰਜਾਬ ਸੈਰ ਸਪਾਟਾ ਵਿਭਾਗ ਨੂੰ ਹੁਣ ਤਕ ਇਨ੍ਹਾਂ ਬੁੱਤਾਂ ਨੂੰ ਮੁੜ ਲਾਉਣ ਵਾਸਤੇ ਕੋਈ ਯੋਗ ਥਾਂ ਨਹੀਂ ਮਿਲੀ ਹੈ। ਦੂਜੇ ਪਾਸੇ ਵਿਰਾਸਤੀ ਮਾਰਗ ਵਿਚੋਂ ਜਿਸ ਥਾਂ ਤੋਂ ਬੁੱਤ ਹਟਾਏ ਗਏ ਸਨ, ਉਹ ਥਾਂ ਵੀ ਹੁਣ ਤਕ ਖਾਲੀ ਹੈ। ਸਬੰਧਤ ਵਿਭਾਗ ਵੱਲੋਂ ਇਹ ਬੁੱਤ ਹੁਣ ਜਨਤਕ ਥਾਵਾਂ ’ਤੇ ਲਾਉਣ ਦੀ ਯੋਜਨਾ ਹੈ, ਜਿਥੇ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਯਾਤਰੀਆਂ ਨੂੰ ਪੰਜਾਬੀ ਸਭਿਆਚਾਰ ਦੀ ਝਲਕ ਦਿਖਾਈ ਜਾ ਸਕੇ। ਇਨ੍ਹਾਂ ਥਾਵਾਂ ਵਿਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡਾ, ਰੇਲਵੇ ਸਟੇਸ਼ਨ ਅਤੇ ਅਟਾਰੀ ਸਰਹੱਦ ਸ਼ਾਮਲ ਹਨ। ਵਿਭਾਗ ਦੇ ਪ੍ਰੋਜੈਕਟ ਇੰਚਾਰਜ ਏਆਰ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਬੁੱਤਾਂ ਦੀ ਨਿਰੰਤਰ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਇਹ ਬੁੱਤ ਹੁਣ ਉਸ ਥਾਂ ’ਤੇ ਲਾਏ ਜਾਣ ਦੀ ਯੋਜਨਾ ਹੈ, ਜਿਥੇ ਵੱਡੀ ਗਿਣਤੀ ਵਿਚ ਯਾਤਰੀਆਂ ਦੀ ਆਮਦ ਹੁੰਦੀ ਹੈ।
ਜੈਪੁਰ ਦੇ ਕਲਾਕਾਰਾਂ ਨੇ ਤਿਆਰ ਕੀਤੇ ਸਨ ਬੁੱਤ: ਅਕਾਲੀ-ਭਾਜਪਾ ਸਰਕਾਰ ਵਲੋਂ 2016 ਵਿਚ ਜਦੋਂ ਹੈਰੀਟੇਜ ਸਟਰੀਟ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਪੀਡਬਲਿਊਡੀ ਵਿਭਾਗ ਵੱਲੋਂ ਤਾਂਬੇ ਦੇ ਇਹ ਬੁੱਤ ਜੈਪੁਰ ਦੇ ਕਲਾਕਾਰਾਂ ਕੋਲੋਂ ਤਿਆਰ ਕਰਵਾਏ ਗਏ ਸਨ, ਜਿਨਾਂ ਨੂੰ ਇਥੇ ਹੈਰੀਟੇਜ ਸਟਰੀਟ ਵਿਚ ਸਥਾਪਤ ਕੀਤਾ ਗਿਆ ਸੀ।
ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ 230 ਕਰੋੜ ਰੁਪਏ ਮਨਜ਼ੂਰ
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਵਿਚ ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਦੀ ਮੰਗ ਨੂੰ ਮੰਨਦਿਆਂ ਇਸ ਦੇ ਨਿਰਮਾਣ ਲਈ 230 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 2018 ਤੋਂ ਲੋਕ ਸਭਾ ਵਿਚ ਰੇਲਵੇ ਬਜਟ ਦੌਰਾਨ ਉਹ ਅੰਮ੍ਰਿਤਸਰ ਦੇ ਵੱਖ-ਵੱਖ ਰੇਲਵੇ ਓਵਰਬ੍ਰਿਜਾਂ, ਅੰਡਰਪਾਥ , ਨਵੀਆਂ ਰੇਲ ਲਾਈਨਾਂ ਅਤੇ ਰੇਲਵੇ ਸਟੇਸ਼ਨ ਨੂੰ ਮਿਆਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਵਾਜ਼ ਬੁਲੰਦ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਅੱਜ ਰੇਲ ਮੰਤਰੀ ਨੇ ਲੋਕ ਸਭਾ ਵਿਚ ਜਾਣਕਾਰੀ ਦਿੰਦਿਆਂ ਕਿਹਾ 230 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਹਵਾਈ ਅੱਡੇ ਦੀ ਤਰਜ਼ ’ਤੇ ਬਣਾਇਆ ਜਾਵੇਗਾ।