ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 31 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ’ਚ ਹਲਕਾ ਜਗਰਾਉਂ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਬੇਟ ਇਲਾਕੇ ’ਚ ਸਰਕਾਰੀ ਆਈਟੀਆਈ ਖੋਲ੍ਹਣ ਦੀ ਹਾਮੀ ਭਰੀ ਸੀ। ਹੁਣ ਫੰਡ ਜਾਰੀ ਕਰਨ ਵੇਲੇ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਹਲਕੇ ਦੇ ਲੋਕਾਂ ਨੂੰ ਇਸ ਸਹੂਲਤ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਹਲਕੇ ’ਚ ਆਪਣੀ ਚੋਣ ਮੁਹਿੰਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੋਰ ਵੀ ਜਿਹੜੇ ਵੱਡੇ ਐਲਾਨ ਕਰ ਰਹੇ ਹਨ, ਇਹ ਕਦੇ ਪੂਰੇ ਨਹੀਂ ਹੋਣੇ ਕਿਉਂਕਿ ਕੁਝ ਦਿਨਾਂ ਦੇ ਅੰਦਰ ਚੋਣ ਜ਼ਾਬਤਾ ਲੱਗ ਜਾਣਾ ਹੈ। ਬੇਟ ਦੇ ਪਿੰਡ ਬਹਾਦਰਕੇ ਤੇ ਪੱਤੀ ਮੁਲਤਾਨੀ ’ਚ ਉਨ੍ਹਾਂ ਕਿਹਾ ਕਿ ਸਰਕਾਰੀ ਆਈਟੀਆਈ ਖੁੱਲ੍ਹਣ ਨਾਲ ਬੇਟ ਇਲਾਕੇ ਦੇ ਨੌਜਵਾਨਾਂ ਨੂੰ ਲਾਭ ਮਿਲਣਾ ਸੀ। ਸਰਕਾਰ ਦਾ ਇਸ ਵਾਅਦੇ ਤੋਂ ਮੁਨਕਰ ਹੋਣਾ ਪਹਿਲਾਂ ਹੀ ਪੱਛੜੇ ਬੇਟ ਇਲਾਕੇ ਨਾਲ ਇਹ ਇਕ ਹੋਰ ਧੱਕਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਬੇਟ ਇਲਾਕੇ ਲਈ ਅਤਿ-ਆਧੁਨਿਕ ਸਹੂਲਤਾਂ ਵਾਲੀ ਆਈਟੀਆਈ ਸਥਾਪਤ ਕੀਤੀ ਜਾਵੇਗੀ।