ਪਵਨ ਗੋਇਲ
ਭੁੱਚੋ ਮੰਡੀ, 24 ਫਰਵਰੀ
ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਬਿਜਲੀ ਵਿਭਾਗ ਨਿੱਜੀ ਹੱਥਾਂ ਵਿੱਚ ਦੇਣ ਦੇ ਵਿਰੋਧ ’ਚ ਥਰਮਲ ਦੇ ਮੁੱਖ ਗੇਟ ਅੱਗੇ ਰੋਸ ਰੈਲੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਜਗਰੂਪ ਸਿੰਘ, ਜਨਰਲ ਸਕੱਤਰ ਜਗਸੀਰ ਸਿੰਘ ਭੰਗੂ ਅਤੇ ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਕੌਮਾਂਤਰੀ ਵਿੱਤੀ ਸੰਸਥਾਵਾਂ ਦੇ ਨਿਰਦੇਸ਼ਾਂ ਤਹਿਤ ਬਿਜਲੀ ਖੇਤਰ ਵਿੱਚ ਸੁਧਾਰਾਂ ਦੇ ਨਾਮ ’ਤੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸਾਂ ਦੇ ਬਿਜਲੀ ਵਿਭਾਗਾਂ ਦਾ ਮੁਕੰਮਲ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ ਹੈ ਅਤੇ 25000 ਕਰੋੜ ਰੁਪਏ ਦੀ ਜਾਇਦਾਦ ਸਿਰਫ਼ 871 ਕਰੋੜ ਰੁਪਏ ਵਿੱਚ ਨਿੱਜੀ ਕੰਪਨੀ ਦੀ ਝੋਲੀ ਪਾ ਦਿੱਤੀ ਗਈ ਹੈ। ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2020 ਪਾਸ ਕਰਨ ਦੀ ਤਿਆਰੀ ਵਿੱਚ ਹੈ।
ਉਨ੍ਹਾਂ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਵਿਰੋਧ ਕਰ ਰਹੇ ਮੁਲਾਜ਼ਮਾਂ ਉੱਪਰ ਕਾਲਾ ਕਾਨੂੰਨ ਐਸਮਾ ਥੋਪ ਕੇ ਰੋਸ ਪ੍ਰਗਟਾਉਣ ਦਾ ਬੁਨਿਆਦੀ ਹੱਕ ਵੀ ਖੋਹ ਲਿਆ ਗਿਆ ਹੈ। ਇਹ ਹੱਲਾ ਬਿਜਲੀ ਕਾਨੂੰਨ 2003 ਤੇ ਬਿਜਲੀ ਸੋਧ ਬਿਲ 2020 ਤਹਿਤ ਬੋਲਿਆ ਗਿਆ ਹੈ। ਇਨ੍ਹਾਂ ਕਾਨੂੰਨਾਂ ਤਹਿਤ ਹੀ ਸਰਕਾਰੀ ਥਰਮਲ ਢਾਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਦੇੇਣ ਕਾਰਨ ਜਿੱਥੇ ਪੱਕੇ ਰੁਜ਼ਗਾਰ ਦਾ ਉਜਾੜਾ ਹੋਵੇਗਾ, ਉੱਥੇ ਹੀ ਬਿਜਲੀ ਮਹਿੰਗੀ ਹੋ ਜਾਵੇਗੀ। ਉਨ੍ਹਾਂ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ ਜੱਥੇਬੰਦੀਆਂ ਨੂੰ ਇਸ ਦਾ ਵਿਰੋਧ ਕਰਨ ਅਤੇ ਸੰਘਰਸ਼ਾਂ ਦਾ ਪਿੜ ਮਘਾਉਣ ਦਾ ਸੱਦਾ ਦਿੱਤਾ।