ਨਵੀਂ ਦਿੱਲੀ, 6 ਨਵੰਬਰ
ਰੱਖਿਆ ਸਟਾਫ਼ ਮੁਖੀ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐਲਏ) ਨੂੰ ਪੂਰਬੀ ਲੱਦਾਖ ਵਿਚ ਆਪਣੀਆਂ ਨਾਜਾਇਜ਼ ਗਤੀਵਿਧੀਆਂ ਲਈ ‘ਕਰਾਰ ਜਵਾਬ’ ਮਿਲਿਆ ਹੈ, ਜਿਹੜੇ ‘ਸਿੱਟੇ ਉਨ੍ਹਾਂ ਨੂੰ ਭੁਗਤਣੇ ਪਏ ਹਨ, ਉਨ੍ਹਾਂ ਦਾ ਅੰਦਾਜ਼ਾ ਪੀਐਲਏ ਨੇ ਨਹੀਂ ਲਾਇਆ ਸੀ।’ ਜਨਰਲ ਰਾਵਤ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਢੁੱਕਵਾਂ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਹੱਦੀ ਵਿਵਾਦ ਦੇ ਵੱਡੇ ਟਕਰਾਅ ਵੱਲ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਕ ਆਨਲਾਈਨ ਸੈਮੀਨਾਰ ਵਿਚ ਜਨਰਲ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਸਥਿਤੀ ਹਾਲੇ ਵੀ ਗੰਭੀਰ ਹੈ ਤੇ ਭਾਰਤ ਦਾ ਰੁਖ਼ ਬਿਲਕੁਲ ਸਪੱਸ਼ਟ ਹੈ। ਦੇਸ਼ ਕੰਟਰੋਲ ਰੇਖਾ ਵਿਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਸਵੀਕਾਰ ਨਹੀਂ ਕਰੇਗਾ।ਪੇਚੀਦਾ ਬਾਹਰੀ ਰੱਖਿਆ ਚੁਣੌਤੀਆਂ ਬਾਰੇ ਪੁੱਛੇ ਜਾਣ ’ਤੇ ਜਨਰਲ ਰਾਵਤ ਨੇ ਕਿਹਾ ਕਿ ਪਾਕਿਸਤਾਨ ਤੇ ਚੀਨ ਵਿਚਾਲੇ ‘ਵਧਦੀ ਮਿਲੀਭੁਗਤ ਕਾਰਨ ਖ਼ਤਰਾ ਹਰ ਵੇਲੇ ਮੰਡਰਾ ਰਿਹਾ ਹੈ।’ ਇਹ ਖੇਤਰੀ ਰਣਨੀਤਕ ਸਥਿਰਤਾ ਲਈ ਖ਼ਤਰਨਾਕ ਹੈ ਤੇ ਭਾਰਤ ਦੀ ਅਖੰਡਤਾ ਲਈ ਵੀ ਖ਼ਤਰਾ ਬਣ ਰਿਹਾ ਹੈ। ‘ਨੈਸ਼ਨਲ ਡਿਫੈਂਸ ਕਾਲਜ’ ਦੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਡੀਐੱਸ ਨੇ ਕਿਹਾ ‘ਪ੍ਰਮਾਣੂ ਤਾਕਤ ਨਾਲ ਲੈਸ ਗੁਆਂਢੀਆਂ, ਜਿਨ੍ਹਾਂ ਨਾਲ ਅਸੀਂ ਜੰਗਾਂ ਵੀ ਲੜੀਆਂ ਹਨ, ਦੋਵੇਂ ਸਾਡੇ ਖ਼ਿਲਾਫ਼ ਮਿਲ ਕੇ ਕੰਮ ਕਰ ਰਹੇ ਹਨ।’ ਜਨਰਲ ਰਾਵਤ ਨੇ ਕਿਹਾ ਚੀਨ ਦੱਖਣੀ ਏਸ਼ੀਆ, ਭਾਰਤੀ ਪ੍ਰਸ਼ਾਂਤ ਖਿੱਤੇ ਤੇ ਬੈਲਟ ਤੇ ਰੋਡ ਪ੍ਰਾਜੈਕਟ ਰਾਹੀਂ ਪੂਰਬੀ ਅਫ਼ਰੀਕਾ ਵਿਚ ਆਪਣਾ ਰਸੂਖ਼ ਵਧਾ ਰਿਹਾ ਹੈ। ਇਹ ਆਲਮੀ ਤਾਕਤ ਬਣਨ ਦੇ ਮੰਤਵ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਕਾਰਨ ਚੀਨ ਦੇਸ਼ ਤੋਂ ਬਾਹਰ ਹਮਲਾਵਰ ਰੁਖ਼ ਅਖ਼ਤਿਆਰ ਕਰ ਰਿਹਾ ਹੈ। ਦੱਖਣੀ ਤੇ ਪੂਰਬੀ ਚੀਨ ਸਾਗਰ, ਤਾਇਵਾਨ ਦੇ ਸਾਗਰਾਂ ਵਿਚ ਇਸ ਦੀ ਗਤੀਵਿਧੀ ਕਾਫ਼ੀ ਵਧੀ ਹੈ। ਸੀਡੀਐੱਸ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਵਿਚ ਭਾਰਤ ਖ਼ਿਲਾਫ਼ ਲੜੀ ਜਾ ਰਹੀ ‘ਲੁਕਵੀਂ ਜੰਗ, ਸੋਸ਼ਲ ਮੀਡੀਆ ’ਤੇ ਭਾਰਤ ਵਿਰੋਧੀ ਸਾਜ਼ਿਸ਼ਾਂ ਤੇ ਸਮਾਜਿਕ ਸਦਭਾਵ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਦੋਵੇਂ ਦੇਸ਼ਾਂ ਦੇ ਰਿਸ਼ਤੇ ਕਾਫ਼ੀ ਨਿੱਘਰ ਗਏ ਹਨ।’ ਜਨਰਲ ਰਾਵਤ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਕਰ ਕੇ ਪਾਕਿ ਨੂੰ ਦੱਸ ਦਿੱਤਾ ਗਿਆ ਸੀ ਕਿ ਹੁਣ ਭਾਰਤ ਘੁਸਪੈਠ ਬਿਲਕੁਲ ਸਵੀਕਾਰ ਨਹੀਂ ਕਰੇਗਾ। ਸੀਡੀਐੱਸ ਨੇ ਕਿਹਾ ਕਿ ਪਾਕਿਸਤਾਨ ਕਈ ਅੰਦਰੂਨੀ ਤੇ ਬਾਹਰੀ ਸਮੱਸਿਆਵਾਂ ਦੇ ਬਾਵਜੂਦ ਕਸ਼ਮੀਰ ਨੂੰ ‘ਅਧੂਰਾ ਏਜੰਡਾ’ ਦੱਸਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪਾਕਿ ਹਥਿਆਰਬੰਦ ਇਸਲਾਮਿਕ ਅਤਿਵਾਦ ਦਾ ਵੀ ਕੇਂਦਰ ਬਣਿਆ ਹੋਇਆ ਹੈ। ਜਨਰਲ ਨੇ ਕਿਹਾ ਕਿ ਭਾਰਤੀ ਰੱਖਿਆ ਬਲਾਂ ਵਿਚ ਸੁਧਾਰ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਤਿੰਨਾਂ ਸੈਨਾਵਾਂ ਵਿਚਾਲੇ ਸਿਖ਼ਲਾਈ ਤੇ ਮੌਜੂਦ ਸਮੱਗਰੀ ਨੂੰ ਸਾਂਝੇ ਪੱਧਰ ’ਤੇ ਵਰਤਣ ਲਈ ਥੀਏਟਰ ਕਮਾਂਡ, ਖ਼ਰੀਦ ਪ੍ਰਕਿਰਿਆ ਦੇ ਬਜਟ ਨਾਲ ਜੁੜੇ ਕਈ ਕਦਮ ਚੁੱਕੇ ਜਾ ਰਹੇ ਹਨ। ਅੰਦਰੂਨੀ ਚੁਣੌਤੀਆਂ ’ਤੇ ਬੋਲਦਿਆਂ ਜਨਰਲ ਨੇ ਕਿਹਾ ਕਿ ‘ਖੱਬੇ ਪੱਖੀ ਕੱਟੜਵਾਦ’ ਤੇ ‘ਸ਼ਹਿਰੀ ਅਤਿਵਾਦ’ ਨਾਲ ਭਾਰਤ ਦਾ ਸੁਰੱਖਿਆ ਵਾਤਾਵਰਨ ਵਿਗੜਿਆ ਹੈ।
-ਪੀਟੀਆਈ
ਲੱਦਾਖ: ਭਾਰਤੀ ਤੇ ਚੀਨੀ ਕਮਾਂਡਰਾਂ ਵੱਲੋਂ ਅੱਠਵੇਂ ਗੇੜ ਦੀ ਗੱਲਬਾਤ
ਨਵੀਂ ਦਿੱਲੀ: ਪੂਰਬੀ ਲੱਦਾਖ ਵਿਚ ਭਾਰਤੀ ਤੇ ਚੀਨੀ ਫ਼ੌਜ ਨੂੰ ਟਕਰਾਅ ਵਾਲੇ ਖੇਤਰਾਂ ’ਚੋਂ ਪਿੱਛੇ ਹਟਾਉਣ ਦੇ ਮੰਤਵ ਨਾਲ ਦੋਵਾਂ ਮੁਲਕਾਂ ਦੇ ਸੈਨਿਕ ਕਮਾਂਡਰਾਂ ਵਿਚਾਲੇ ਗੱਲਬਾਤ ਦਾ ਅੱਜ ਇਕ ਹੋਰ ਗੇੜ ਹੋਇਆ। ਸਰਕਾਰੀ ਸੂਤਰਾਂ ਮੁਤਾਬਕ ਗੱਲਬਾਤ ਐਲਏਸੀ ਦੇ ਭਾਰਤ ਵਾਲੇ ਪਾਸੇ ਚੁਸ਼ੂਲ ਵਿਚ ਸਵੇਰੇ ਕਰੀਬ 9.30 ’ਤੇ ਸ਼ੁਰੂ ਹੋਈ। ਪਿਛਲੇ ਕੁਝ ਦਿਨਾਂ ਦੌਰਾਨ ਚੋਟੀ ਦੇ ਮਿਲਟਰੀ ਅਧਿਕਾਰੀਆਂ ਵਿਚਾਲੇ ਕਈ ਵਾਰ ਗੱਲਬਾਤ ਹੋਈ ਹੈ ਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਸੈਨਾਵਾਂ ਨੂੰ ਲਗਾਤਾਰ ਪਿੱਛੇ ਹਟਣ ਲਈ ਕਹਿਣ ਬਾਰੇ ਸਹਿਮਤੀ ਵੀ ਬਣੀ ਹੈ। ਸੱਤਵੇਂ ਗੇੜ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ 12 ਅਕਤੂਬਰ ਨੂੰ ਹੋਈ ਸੀ। ਇਸ ਦੌਰਾਨ ਚੀਨ ਨੇ ਜ਼ੋਰ ਦਿੱਤਾ ਸੀ ਕਿ ਪੈੈਂਗੌਂਗ ਝੀਲ ਦੇ ਦੱਖਣੀ ਕੰਢੇ ਦੁਆਲੇ ਕਈ ਚੋਟੀਆਂ ਤੋਂ ਭਾਰਤੀ ਫ਼ੌਜ ਨੂੰ ਵਾਪਸ ਸੱਦਿਆ ਜਾਵੇ। ਹਾਲਾਂਕਿ ਭਾਰਤੀ ਧਿਰ ਨੇ ਕਿਹਾ ਸੀ ਕਿ ਪਿੱਛੇ ਹਟਣ ਦੀ ਪ੍ਰਕਿਰਿਆ ਸਾਰੀਆਂ ਟਕਰਾਅ ਵਾਲੀਆਂ ਥਾਵਾਂ ਤੋਂ ਇਕੋ ਵੇਲੇ ਹੋਣੀ ਚਾਹੀਦੀ ਹੈ। ਸਿਫ਼ਰ ਤੋਂ ਹੇਠਾਂ ਤਾਪਮਾਨ ਵਿਚ ਕਰੀਬ 50 ਹਜ਼ਾਰ ਭਾਰਤੀ ਜਵਾਨ ਪੂਰੀ ਤਿਆਰੀ ਨਾਲ ਇਸ ਵੇਲੇ ਕਈ ਉੱਚੀਆਂ ਥਾਵਾਂ ਉਤੇ ਡਟੇ ਹੋਏ ਹਨ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ ਹਾਲੇ ਤੱਕ ਕੋਈ ਠੋਸ ਸਿੱਟਾ ਨਹੀਂ ਨਿਕਲਿਆ ਹੈ। ਚੀਨ ਨੇ ਵੀ ਕਰੀਬ ਐਨੇ ਹੀ ਸੈਨਿਕ ਤਾਇਨਾਤ ਕੀਤੇ ਹੋਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਰਿਸ਼ਤੇ ‘ਬੇਹੱਦ ਤਣਾਅਪੂਰਨ’ ਦੌਰ ਵਿਚੋਂ ਗੁਜ਼ਰ ਰਹੇ ਹਨ। ਅੱਠਵੇਂ ਗੇੜ ਦੀ ਗੱਲਬਾਤ ਦੀ ਅਗਵਾਈ ਲੇਹ ਅਧਾਰਿਤ 14 ਕੋਰ ਦੇ ਨਵ-ਨਿਯੁਕਤ ਕਮਾਂਡਰ ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਕਰ ਰਹੇ ਹਨ।
-ਪੀਟੀਆਈ