ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 13 ਜੁਲਾਈ
ਪਨਬਸ ਕੰਟਰੈਕਟਚੁਅਲ ਵਰਕਰਜ਼ ਯੂਨੀਅਨ ਦੇ ਮੈਂਬਰਾਂ ਵੱਲੋਂ ਅੱਜ ਇੱਥੇ ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਅੱਡੇ ਵਿੱਚ ਤਨਖ਼ਾਹਾਂ ਜਾਰੀ ਕਰਵਾਉਣ ਲਈ ਸੜਕਾਂ ’ਤੇ ਬੱਸਾਂ ਖੜ੍ਹੀਆਂ ਕਰਨ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਦੋ ਘੰਟੇ ਦਾ ਧਰਨਾ ਦਿੱਤਾ ਗਿਆ। ਪਨਬੱਸ ਕੰਟਰੈਕਟਿਵ ਵਰਕਰਜ਼ ਯੂਨੀਅਨ ਦੇ ਪ੍ਰਧਾਨ ਕੁਲਜੀਤ ਸਿੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਸਮੇਂ ਸਿਰ ਤਨਖ਼ਾਹਾਂ ਜਾਰੀ ਨਹੀਂ ਕਰ ਰਹੀ।
ਅੱਡੇ ਦੇ ਬਾਹਰ ਸੜਕ ’ਤੇ ਖੜ੍ਹੀਆਂ ਬੱਸਾਂ ਦੇ ਭੀੜ-ਭੜੱਕੇ ਕਾਰਨ ਆਵਾਜਾਈ ਵਿੱਚ ਰੁਕਾਵਟ ਆਈ ਅਤੇ ਕਈ ਥਾਵਾਂ ’ਤੇ ਟ੍ਰੈਫਿਕ ਜਾਮ ਵੀ ਦੇਖਣ ਨੂੰ ਮਿਲਿਆ। ਟ੍ਰੈਫਿਕ ਜਾਮ ਵਿੱਚ ਫਸੇ ਲੋਕਾਂ ਲਈ ਸਥਿਤੀ ਹੋਰ ਵੀ ਗੰਭੀਰ ਬਣੀ ਹੋਈ ਸੀ ਕਿਉਂਕਿ ਉਨ੍ਹਾਂ ਨੂੰ ਵਾਹਨਾਂ ਵਿੱਚੋਂ ਨਿਕਲਣ ਵਾਲੀ ਗਰਮੀ ਅਤੇ ਪ੍ਰਦੂਸ਼ਣ ਦੋਵਾਂ ਨੂੰ ਬਰਦਾਸ਼ਤ ਕਰਨਾ ਪਿਆ। ਬੱਸ ਅੱਡੇ ਦੇ ਨੇੜੇ ਇੱਕ ਦੁਕਾਨਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਸਾਢੇ 9 ਵਜੇ ਬੱਸਾਂ ਸੜਕਾਂ ’ਤੇ ਖੜ੍ਹੀਆਂ ਹੋਣ ਲੱਗੀਆਂ। ਉਦੋਂ ਤੋਂ ਸੜਕ ’ਤੇ ਆਵਾਜਾਈ ਦੀ ਦਿਕਤ ਸ਼ੁਰੂ ਹੋ ਗਈ ਸੀ। ਯਾਤਰੀ ਅੱਗੇ ਦਾ ਰਸਤਾ ਲੱਭਣ ਲਈ ਹਾਰਨ ਵਜਾ ਰਹੇ ਸਨ ਅਤੇ ਜਗ੍ਹਾ ਲੱਭਣ ਵਿੱਚ ਅਸਮਰੱਥ ਉਨ੍ਹਾਂ ਵਿੱਚੋਂ ਬਹੁਤ ਸਾਰੇ ਪਿੱਛੇ ਵੱਲ ਮੁੜ ਗਏ, ਜਿਸ ਨਾਲ ਹੋਰ ਭੀੜ ਹੋ ਗਈ।
ਜਲੰਧਰ (ਪਾਲ ਸਿੰਘ ਨੌਲੀ): ਪੰਜਾਬ ਰੋਡਵੇਜ਼, ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਦੇਰੀ ਤੇ ਹੋਰ ਮੰਗਾਂ ਸਣੇ ਰੋਡਵੇਜ਼ ਜਥੇਬੰਦੀਆਂ ਨੇ ਤਨਖ਼ਾਹਾਂ ਨਾ ਮਿਲਣ ਕਾਰਨ ਬੱਸ ਅੱਡਾ ਬੰਦ ਕਰ ਕੇ ਰੋਸ ਪ੍ਰਗਟਾਇਆ। ਇਸ ਕਾਰਨ ਸਵਾਰੀਆਂ ਖੱਜਲ ਖੁਆਰ ਹੋਈਆਂ। ਇੱਥੋਂ ਦੇ ਅੰਤਰਰਾਜੀ ਬੱਸ ਅੱਡੇ ’ਤੇ ਰੋਜ਼ਾਨਾ 70 ਹਾਜ਼ਰ ਤੋਂ ਵੱਧ ਸਵਾਰੀਆਂ ਆਉਂਦੀਆਂ ਜਾਂਦੀਆਂ ਹਨ। ਜਥੇਬੰਦੀਆਂ ਨੇ ਤਨਖ਼ਾਹ ਨਾ ਮਿਲਣ ਦੇ ਰਸੋ ਵਜੋਂ ਦੋ ਘੰਟੇ ਬੱਸ ਅੱਡਾ ਬੰਦ ਰੱਖਿਆ। ਇਸ ਸਮੇਂ ਸਮੇਂ ਦੌਰਾਨ ਨਾ ਕੋਈ ਬੱਸ ਅੱਡੇ ਦੇ ਅੰਦਰ ਗਈ ਨਾ ਬਾਹਰ ਆਉਣ ਦਿੱਤੀ ਗਈ।
ਪਠਾਨਕੋਟ (ਪੱਤਰ ਪ੍ਰੇਰਕ): ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪਠਾਨਕੋਟ ਬੱਸ ਸਟੈਂਡ ਨੂੰ ਬੰਦ ਕਰ ਕੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੂਬਾ ਮੈਂਬਰ ਜੋਗਿੰਦਰ ਪਾਲ ਲਵਲੀ, ਰਾਜ ਕੁਮਾਰ ਅਤੇ ਗੁਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਰੋਡਵੇਜ਼ ਪਨਬਸ/ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਸਥਾਨਕ ਬੱਸ ਸਟੈਂਡ ਦੇ ਬਾਹਰ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।