ਪੱਤਰ ਪ੍ਰੇਰਕ
ਬਠਿੰਡਾ, 24 ਫਰਵਰੀ
ਵਧੀਕ ਮੁੱਖ ਚੋਣ ਅਫ਼ਸਰ ਬੀ. ਸ੍ਰੀ ਨਿਵਾਸਨ ਨੇ ਇੱਥੇ ਵਿਧਾਨ ਸਭਾ ਚੋਣਾਂ-ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਸਥਾਪਤ ਕੀਤੇ ਗਏ ਵੱਖ-ਵੱਖ ਸਟਰਾਂਗ ਰੂਮਾਂ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਬੰਧਤ ਆਰ.ਓਜ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਣਾਏ ਗਏ ਸਟਰਾਂਗ ਰੂਮਾਂ ਵਿੱਚ ਸੁਰੱਖਿਆ ਅਤੇ ਹੋਰ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਜਾਣ। ਇਸ ਦੌਰਾਨ ਉਨ੍ਹਾਂ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿੱਚ ਵਿਧਾਨ ਸਭਾ ਹਲਕਾ 90-ਰਾਮਪੁਰਾ ਤੇ 93-ਬਠਿੰਡਾ ਦਿਹਾਤੀ, ਪੈਸਕੋ ਵਿੱਚ ਵਿਧਾਨ ਸਭਾ ਹਲਕਾ 91-ਭੁੱਚੋ ਤੇ 95-ਮੌੜ ਅਤੇ ਇਸੇ ਤਰ੍ਹਾਂ ਆਈਐੱਚਐੱਮ ਵਿੱਚ ਸਥਾਪਿਤ ਕੀਤੇ ਗਏ ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਤੇ 94-ਤਲਵੰਡੀ ਸਾਬੋ ਲਈ ਬਣਾਏ ਗਏ ਸਟਰਾਂਗ ਰੂਮਾਂ ਦਾ ਦੌਰਾ ਕੀਤਾ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜੇ ਰਾਜਸੀ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਆਪਣੇ ਪੱਧਰ ’ਤੇ ਸਟਰਾਂਗ ਰੂਮਾਂ ਦੀ ਰਾਖੀ ਕਰਨਾ ਚਾਹੁਣ ਤਾਂ ਉਹ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਨਿਰਧਾਰਤ ਕੀਤੀ ਗਈ ਦੂਰੀ ’ਤੇ ਬੈਠ ਕੇ ਨਿਗਰਾਨੀ ਕਰ ਸਕਦੇ ਹਨ। ਇਸ ਮੌਕੇ ਐੱਸਪੀ ਰਾਜਵੀਰ ਸਿੰਘ ਬੋਪਾਰਾਏ, ਆਰਓ. ਰਾਮਪੁਰਾ ਫੂਲ ਨਵਦੀਪ ਕੁਮਾਰ ਆਦਿ ਮੌਜੂਦ ਸਨ।