ਆਤਿਸ਼ ਗੁਪਤਾ
ਚੰਡੀਗੜ੍ਹ, 13 ਜੁਲਾਈ
ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਸਨੀਕਾਂ ਨੂੰ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵੱਡਾ ਝਟਕਾ ਦਿੰਦਿਆਂ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਨੇ ਸਾਲ 2022-23 ਲਈ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਨਾਲ ਪਹਿਲੀਆਂ 150 ਯੂਨਿਟਾਂ ਦੀ ਵਰਤੋਂ ਕਰਨ ਵਾਲੇ ਘਰੇਲੂ ਖ਼ਪਤਕਾਰਾਂ ’ਤੇ ਵਾਧੂ ਬੋਝ ਪਵੇਗਾ। ਇਸ ਤੋਂ ਪਹਿਲਾਂ ਜੇਈਆਰਸੀ ਨੇ ਪਿਛਲੇ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ 9.58 ਫ਼ੀਸਦ ਦੀ ਕਟੌਤੀ ਕੀਤੀ ਸੀ ਅਤੇ ਅਪਰੈਲ 2022 ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਾ ਕਰਨ ਦਾ ਐਲਾਨ ਕੀਤਾ ਸੀ। ਉਸ ਦੇ ਬਾਵਜੂਦ ਜੁਲਾਈ 2022 ਵਿੱਚ ਸੰਯੁਕਤ ਬਿਜਲੀ ਰੈਗੂਲੇਟੀ ਕਮਿਸ਼ਨ ਨੇ ਘਰੇਲੂ ਖਪਤਕਾਰਾਂ ਲਈ ਪਹਿਲੀਆਂ 150 ਯੂਨਿਟ ਦੀਆਂ ਦਰਾਂ ’ਚ 25 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰ ਦਿੱਤਾ। ਉੱਥੇ ਹੀ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲਾਂ ਵਿੱਚ ਲੱਗਣ ਵਾਲੇ ਪੱਕੇ ਖਰਚਿਆਂ ’ਚ ਵੀ ਵਾਧਾ ਕਰ ਦਿੱਤਾ ਗਿਆ ਹੈ।
ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਨਵੀਆਂ ਦਰਾਂ ਅਨੁਸਾਰ ਘਰੇਲੂ ਖ਼ਪਤਕਾਰਾਂ ਲਈ ਪਹਿਲੀਆਂ 150 ਯੂਨਿਟਾਂ ਤੱਕ ਦਰਾਂ 2.75 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ ਜਦੋਂ ਕਿ ਇਹ ਪਹਿਲਾਂ 2.50 ਰੁਪਏ ਪ੍ਰਤੀ ਯੂਨਿਟ ਸੀ। 150 ਤੋਂ 400 ਯੂਨਿਟਾਂ ਤੱਕ 4.25 ਰੁਪਏ ਅਤੇ 400 ਯੂਨਿਟ ਤੋਂ ਵੱਧ ਯੂਨਿਟਾਂ ਲਈ 4.65 ਰੁਪਏ ਪ੍ਰਤੀ ਯੂਨਿਟ ਹੀ ਰਹੇਗੀ ਜੋ ਕਿ ਪਹਿਲਾਂ ਵਾਲੀਆਂ ਹੀ ਦਰਾਂ ਹਨ।
ਜੇਈਆਰਸੀ ਨੇ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਘਰੇਲੂ ਖਪਤਕਾਰਾਂ ’ਤੇ ਪਹਿਲੀਆਂ 400 ਯੂਨਿਟਾਂ ਤੱਕ ਪੈਣ ਵਾਲੇ ਪੱਕੇ ਖਰਚਿਆਂ ਨੂੰ 10 ਰੁਪਏ ਤੋਂ ਵਧਾ ਕੇ 15 ਰੁਪਏ ਕਰ ਦਿੱਤਾ ਹੈ। ਇਸੇ ਤਰ੍ਹਾਂ ਵਪਾਰਕ ਖਪਤਕਾਰਾਂ ਕੋਲੋਂ ਪਹਿਲਾਂ ਵਾਂਗ ਪਹਿਲੀਆਂ 150 ਯੂਨਿਟਾਂ ਤੱਕ ਦੀ ਕੀਮਤ 4.50 ਰੁਪਏ ਪ੍ਰਤੀ ਯੂਨਿਟ, 150 ਤੋਂ 400 ਯੂਨਿਟ ਤੱਕ 4.70 ਰੁਪਏ ਯੂਨਿਟ ਅਤੇ 400 ਯੂਨਿਟ ਤੋਂ ਵੱਧ ਲਈ ਪੰਜ ਰੁਪਏ ਪ੍ਰਤੀ ਯੂਨਿਟ ਅਨੁਸਾਰ ਵਸੂਲ ਕੀਤੀ ਜਾਵੇਗੀ। ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਲਗਾਤਾਰ ਵਧ ਰਹੀ ਮਹਿੰਗਾਈ ਕਰ ਕੇ ਆਮ ਵਰਗ ਦੇ ਲੋਕਾਂ ਨੂੰ ਪਹਿਲਾਂ ਹੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਧਰ, ਹੁਣ ਬਿਜਲੀ ਵਿਭਾਗ ਵੱਲੋਂ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਵਧਾਏ ਜਾਣ ਨਾਲ ਹੋਰ ਵਾਧੂ ਬੋਝ ਪਵੇਗਾ। ਉਨ੍ਹਾਂ ਵੱਲੋਂ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਪਹਿਲੀ ਅਪਰੈਲ 2022 ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ਼ ਇੰਜਨੀਅਰ ਸੀ.ਬੀ. ਓਝਾ ਨੇ ਬਿਜਲੀ ਦਰਾਂ ਵਿੱਚ ਵਾਧੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨਵੀਆਂ ਦਰਾਂ ਪਹਿਲ ਅਪਰੈਲ 2022 ਤੋਂ ਲਾਗੂ ਹੋਣਗੀਆਂ। ਇਸ ਦਾ ਮਤਲਬ ਹੈ ਕਿ ਖ਼ਪਤਕਾਰਾਂ ਕੋਲੋਂ ਵਧੀਆਂ ਦਰਾਂ ਅਨੁਸਾਰ ਪਿਛਲੇ ਮਹੀਨਿਆਂ ਦੀ ਵਸੂਲੀ ਵੀ ਕੀਤੀ ਜਾਵੇਗੀ। ਚੰਡੀਗੜ੍ਹ ਵਿੱਚ ਕੁੱਲ ਖ਼ਪਤਕਾਰਾਂ ਦੀ ਗਿਣਤੀ 2.34 ਲੱਖ ਹੈ, ਜਿਨ੍ਹਾਂ ਵਿੱਚੋਂ ਘਰੇਲੂ ਖਪਤਕਾਰ 2.01 ਲੱਖ, ਵਪਾਰਕ ਖ਼ਪਤਕਾਰ 28 ਹਜ਼ਾਰ, ਵੱਡੇ ਵਰਗ ਵਾਲੇ 100 ਖ਼ਪਤਕਾਰ, ਮੱਧ ਵਰਗ ਵਾਲੇ 1300 ਖ਼ਪਤਕਾਰ, ਛੋਟੇ ਵਰਗ ਵਾਲੇ 1336 ਖ਼ਪਤਕਾਰ, ਖੇਤੀਬਾੜੀ ਖੇਤਰ ਵਾਲੇ 123 ਖ਼ਪਤਕਾਰ ਹਨ।