ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 30 ਅਗਸਤ
ਕੌਮੀ ਲਘੂ ਉਦਯੋਗ ਦਿਵਸ ਮੌਕੇ ਰੋਟਰੀ ਕਲੱਬ ਵੱਲੋਂ ਉਦਯੋਗ ਵਿਭਾਗ ਦੇ ਸਹਿਯੋਗ ਨਾਲ ‘ਦੇਸ਼ ਦੀ ਆਰਥਿਕਤਾ ਵਿੱਚ ਲਘੂ ਉਦਯੋਗ ਦੇ ਯੋਗਦਾਨ’ ਬਾਰੇ ਸੈਮੀਨਾਰ ਕਰਵਾਇਆ ਗਿਆ। ਡਾ. ਪੁਨੀਤ ਧਵਨ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸੈਮੀਨਾਰ ਦੌਰਾਨ ਮਾਲੇਰਕੋਟਲਾ ਦੇ ਜਨਰਲ ਮੈਨੇਜਰ ਇੰਡਸਟਰੀਜ਼ ਸੁਬੋਧ ਜਿੰਦਲ ਮੁੱਖ ਮਹਿਮਾਨ ਤੇ ਇੰਜੀਨੀਅਰ ਹਰਮਿੰਦਰ ਸਿੰਘ ਸਹਾਰਨਮਾਜਰਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਮੌਕੇ ਨੌਜਵਾਨਾਂ ਤੋਂ ਇਲਾਵਾ ਇਲਾਕੇ ਦੇ ਸ਼ੈਲਰ ਮਾਲਕਾਂ, ਪਸ਼ੂ ਖੁਰਾਕ ਉਤਪਾਦਕਾਂ ਤੇ ਖੇਤੀਬਾੜੀ ਸੰਦ ਨਿਰਮਾਤਾਵਾਂ ਨੇ ਸੈਮੀਨਾਰ ਵਿੱਚ ਹਿੱਸਾ ਲਿਆ। ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਕੱਢੀਆਂ ਜਾਣ ਵਾਲੀ ਸਕੀਮਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਸੁਬੋਧ ਜਿੰਦਲ ਅਤੇ ਹਰਮਿੰਦਰ ਸਿੰਘ ਸਹਾਰਨਮਾਜਰੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਫ਼ਾਇਦਾ ਉਠਾਉਣ। ਇਸ ਮੌਕੇ ਵੱਖ-ਵੱਖ ਸਕੀਮਾਂ ਅਧੀਨ ਸੁਵਿਧਾਵਾਂ ਲੈਣ ਲਈ ਬਿਨੈ ਪੱਤਰ ਜਮ੍ਹਾਂ ਕਰਵਾਉਣ ਲਈ ਪੋਰਟਲਾਂ ਬਾਰੇ ਜਾਣਕਾਰੀ ਦਿੱਤੀ ਗਈ।