ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 6 ਸਤੰਬਰ
ਇਥੇ ਬਿਜਲੀ ਬੋਰਡ ਨਾਲ ਸਬੰਧਤ ਪਾਵਰਕੌਮ ਟਰਾਂਸਕੋ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕੱਤਰਤਾ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੈਨਸ਼ਨਰਾਂ ਨੇ ਆਪਣੀਆਂ ਹੱਕੀ ਮੰਗਾਂ ਸਬੰਧੀ ਸਰਕਾਰ ਖਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਹਰਭੂਲ ਸਿੰਘ ਅਤੇ ਹਰਬੰਸ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਕੇਲਾਂ ਦੀ ਸੋਧ ਸੂਬਾ ਕਮੇਟੀ ਦੀ ਮੰਗ ਅਨੁਸਾਰ ਨਾ ਕਰਨਾ, ਡੀ.ਏ ਦੀਆਂ ਕਿਸ਼ਤਾਂ ਦਾ ਬਕਾਇਆ ਨਾ ਦੇਣਾ, ਮੈਡੀਕਲ ਭੱਤਾ 2 ਹਜ਼ਾਰ ਪ੍ਰਤੀ ਮਹੀਨਾ ਨਾ ਕਰਨਾ, ਠੇਕੇਦਾਰੀ ਪ੍ਰਬੰਧ ਬੰਦ ਨਾ ਕਰਕੇ ਬਿਨਾਂ ਸ਼ਰਤ ਕਾਮਿਆਂ ਨੂੰ ਪੱਕਾ ਨਾ ਕਰਨਾ, ਹਰ ਮਹਿਕਮੇ ਵਿਚ ਖਾਲੀ ਅਸਾਮੀਆਂ ਨੂੰ ਪੱਕੀ ਭਰਤੀ ਕਰਕੇ ਨਾ ਭਰਨਾ ਆਦਿ ਦੀ ਪ੍ਰਾਪਤੀ ਲਈ 11 ਸਤੰਬਰ ਨੂੰ ਚੰਡੀਗੜ੍ਹ ਧਰਨੇ ਵਿਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਸੁਖਦੇਵ ਸਿੰਘ ਮਾਂਗਟ, ਤਰਸੇਮ ਸਿੰਘ ਅਤੇ ਨੇਤਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਟ੍ਰਾਂਸਕੋ ਮੈਨੇਜਮੈਂਟ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਅਪਣਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਜਿਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਇੰਦਰਜੀਤ ਸਿੰਘ, ਜਗਦੀਸ਼ ਰਾਣਾ, ਕੁਲਵੰਤ ਸਿੰਘ, ਹਰਚਰਨ ਸਿੰਘ, ਰਾਮ ਕਿਸ਼ਨ ਆਦਿ ਨੇ ਕਰਨਾਲ ਤੇ ਮੋਗਾ ਵਿਖੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਸਬੰਧਤ ਅਧਿਕਾਰੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।