ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਅਕਤੂਬਰ
ਇੱਥੇ ਏਸਾਰ ਕੰਪਨੀ ਦੇ ਪੰਪ ਵੱਲੋਂ ਤੇਲ ਘੱਟ ਪਾਉਣ ’ਤੇ ਮੁਲਾਜ਼ਮਾਂ ਨੇ ਪੰਪ ਦੇ ਸਾਹਮਣੇ ਧਰਨਾ ਜੜ ਦਿੱਤਾ ਤੇ ਕਿਸਾਨਾਂ ਦੇ ਪੱਖ ਵਿਚ ਖੜ੍ਹੇ ਹੋਣ ਦਾ ਅਹਿਦ ਲਿਆ। ਇੱਥੇ ਏਸਾਰ ਪੈਟਰੋਲ ਪੰਪ ਵਾਲਿਆਂ ਵੱਲੋਂ ਤੇਲ ਘੱਟ ਪਾਉਣ ਕਰ ਕੇ ਦਰਸ਼ਨ ਸਿੰਘ ਬੇਲੂਮਾਜਰਾ ਨੇ ਧਰਨਾ ਜੜ ਦਿੱਤਾ ਅਤੇ ਪੰਪ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਮੁਲਾਜ਼ਮ ਆਗੂ ਦਰਸ਼ਨ ਸਿੰਘ ਬੇਲੂਮਾਜਰਾ ਅਨੁਸਾਰ ਇੱਥੇ ਅਲੀਪੁਰ ਨੇੜੇ ਸਰਹੰਦ ਬਾਈ ਪਾਸ ’ਤੇ ਏਸਾਰ ਕੰਪਨੀ ਦੇ ਪੈਟਰੋਲ ਪੰਪ ਵਾਲਿਆਂ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਇਹ ਲੋਕ ਧੋਖੇ ਨਾਲ ਲੋਕਾਂ ਨੂੰ ਤੇਲ ਘੱਟ ਪਾਉਂਦੇ ਹਨ, ਇਨ੍ਹਾਂ ਦੇ ਮੀਟਰਾਂ ਵਿਚ ਕੋਈ ਹੇਰਾ-ਫੇਰੀ ਕੀਤੀ ਹੋਈ ਹੈ। ਇਸ ਤਹਿਤ ਅੱਜ ਉਨ੍ਹਾਂ ਇਸ ਪੰਪ ’ਤੇ ਆਪਣੇ ਮੋਟਰਸਾਈਕਲ ’ਚ ਤੇਲ ਪਵਾਇਆ ਤੇ ਜਦੋਂ ਪੰਪ ਕਰਿੰਦਿਆਂ ਸਾਹਮਣੇ ਤੇਲ ਮਿਣਿਆ ਤਾਂ ਉਹ ਘੱਟ ਨਿਕਲਿਆ। ਇਸ ’ਤੇ ਪੰਪ ਵਾਲੇ ਝਗੜ ਪਏ ਤੇ ਧੌਂਸ ਦਿਖਾਉਣ ਲੱਗੇ। ਇਸ ਉਪਰੰਤ ਸ੍ਰੀ ਬੇਲੂਮਾਜਰਾ ਦੇ ਸਾਥੀ ਵੀ ਆ ਗਏ ਤੇ ਉਨ੍ਹਾਂ ਪੰਪ ਦੇ ਸਾਹਮਣੇ ਹੀ ਧਰਨਾ ਜੜ ਦਿੱਤਾ। ਉਨ੍ਹਾਂ ਪੰਪ ਮਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਇਸ ਵੇਲੇ ਪੰਪ ਦੇ ਕਰਿੰਦਿਆਂ ਨੇ ਕਿਹਾ ਕਿ ਗ਼ਲਤੀ ਨਾਲ ਘੱਟ ਤੇਲ ਪੈ ਗਿਆ ਹੈ। ਉਨ੍ਹਾਂ ਸ੍ਰੀ ਬੇਲੂਮਾਜਰਾ ਤੋਂ ਮੁਆਫ਼ੀ ਮੰਗੀ, ਪਰ ਦਰਸ਼ਨ ਸਿੰਘ ਬੇਲੂਮਾਜਰਾ ਅਤੇ ਉਸ ਦੇ ਸਾਥੀ ਪੰਪ ਮਾਲਕਾਂ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਇਸ ਵੇਲੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਖੋਖਰ ਤੋਂ ਇਲਾਵਾ ਹੋਰ ਮੁਲਾਜ਼ਮਾਂ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ।