ਸੁਭਾਸ਼ ਚੰਦਰ
ਸਮਾਣਾ, 24 ਫਰਵਰੀ
ਮਵੀ ਕਲਾਂ ਪੁਲੀਸ ਨੇ ਸ਼ਾਹਪੁਰ ਪਿੰਡ ਨੇੜੇ ਟਿੱਲੇ ਦੀ ਕੰਧ ਨਾਲ ਟਕਰਾ ਕੇ ਹਾਦਸਾਗ੍ਰਸਤ ਹੋਈ ਜਾਅਲੀ ਨੰਬਰ ਕਾਰ ਸਣੇ ਤਿੰਨ ਨੌਜਵਾਨ ਜਤਿੰਦਰ ਸਿੰਘ ਵਾਸੀ ਸਫੇੜਾ, ਮਨਪ੍ਰੀਤ ਸਿੰਘ ਵਾਸੀ ਅਰਬਨ ਅਸਟੇਟ ਪਟਿਆਲਾ, ਅਤੇ ਸਰਬਜੀਤ ਸਿੰਘ ਵਾਸੀ ਪਿੰਡ ਧਨੇਠਾ ਨੂੰ ਨਾਜਾਇਜ਼ ਅਸਲੇ ਸਣੇ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਹੋਰ ਪੁੱਛਗਿੱਛ ਲਈ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।
ਚੌਕੀ ਮੁਖੀ ਸਾਹਿਬ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਦੇਰ ਰਾਤ ਉਨ੍ਹਾਂ ਨੂੰ ਪਿੰਡ ਸ਼ਾਹਪੁਰ ਨੇੜੇ ਟਿੱਲੇ ਦੀ ਕੰਧ ਨਾਲ ਕਾਰ ਦੇ ਟਕਰਾ ਜਾਣ ਕਰਕੇ ਹਾਦਸਾ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਉਨ੍ਹਾਂ ਦੀ ਪੁਲੀਸ ਪਾਰਟੀ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਹਾਦਸਾਗ੍ਰਸਤ ਕਾਰ ਵਿੱਚ ਕਈ ਨੰਬਰ ਪਲੇਟਾਂ ਪਈਆਂ ਦਿਖਾਈ ਦਿੱਤੀਆਂ। ਪੁਲੀਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਪੁੱਛ-ਗਿੱਛ ਕੀਤੀ, ਤਾਂ ਉਨ੍ਹਾਂ ਮੰਨਿਆ ਕਿ ਉਹ ਮੂਨਕ ਨੇੜੇ ਬਸਹਿਰਾ ’ਤੇ ਪੈਟਰੋਲ ਪੰਪ ਤੋਂ ਬਿਨਾਂ ਪੈਸੇ ਤੇਲ ਪੁਆ ਕੇ ਆ ਰਹੇ ਸਨ, ਤਾਂ ਉਨ੍ਹਾਂ ਦੀ ਕਾਰ ਦੀਵਾਰ ਨਾਲ ਟਕਰਾ ਗਈ। ਟਕਰਾਉਣ ਮਗਰੋਂ ਹੀ ਉਨ੍ਹਾਂ ਨੇ ਨੰਬਰ ਪਲੇਟ ਬਦਲੀ ਹੈ ਤਾਂ ਕਿ ਗੱਡੀ ਦਾ ਨੰਬਰ ਪੜ੍ਹ ਕੇ ਉਹ ਫੜੇ ਨਾ ਜਾਣ। ਚੌਕੀ ਮੁਖੀ ਸਾਹਿਬ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਹੋਏ।