ਰਵਿੰਦਰ ਰਵੀ
ਬਰਨਾਲਾ, 30 ਅਗਸਤ
ਭਾਕਿਯੂ ਏਕਤਾ ਉਗਰਾਹਾਂ ਬਲਾਕ ਬਰਨਾਲਾ ਵੱਲੋਂ ਸੀਨੀਅਰ ਸੈਕੰਡਰੀ ਅਦਰਸ ਸਕੂਲ ਕਾਲੇਕੇ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਹ ਕਹਿ ਕੇ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਕਿ ਅਧਿਆਪਕ ਬੱਚਿਆਂ ਦੀ ਪੜ੍ਹਾਈ ਤੇ ਭਵਿੱਖ ਖਰਾਬ ਕਰ ਰਹੇ ਹਨ ਤੇ ਕਿਸਾਨ ਜਥੇਬੰਦੀਆਂ ਦੀ ਗੱਲ ਨਹੀਂ ਮੰਨਦੇ। ਜਦੋਂ ਕਿ ਅਧਿਆਪਕਾਂ ਵੱਲੋਂ ਜਾਣਕਾਰੀ ਅਨੁਸਾਰ ਇਸ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਕਿ ਮਿਡ-ਡੇਅ ਮੀਲ ਦੇ ਲਈ ਪ੍ਰਤੀ ਦਿਨ ਕਰੀਬ 4500 ਰੁਪਏ ਆਉਂਦੇ ਹਨ। ਜਦੋਂਕਿ ਇਸ ਦਾ ਖਰਚਾ ਪ੍ਰਤੀ ਦਿਨ ਲਗਪਗ 1200, ਰੂਪੈ ਹੁੰਦਾ ਹੈ।
ਇਸ ਤੋਂ ਇਲਾਵਾ, 1852, ਰੁਪਏ ਪ੍ਰਤੀ ਬੱਚਾ ਇੱਕ ਮਹੀਨੇ ਦੇ ਮਿਲਦੇ ਹਨ। ਇਸ ਵਿੱਚ ਅਧਿਆਪਕਾਂ ਦੀ ਤਨਖਾਹ, ਬੱਚਿਆਂ ਦੀ ਸਹੁਲਤਾਂ ਉਪਲਬੱਧ ਕਰਵਾਉਣੀਆ ਹੁੰਦੀਆਂ ਹਨ। ਬੱਚਿਆਂ ਦੀ ਪੜ੍ਹਾਈ ਕਿਤਾਬਾਂ, ਵਰਦੀ ਦੇਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕੀ ਕਮੇਟੀ ਵੱਲੋਂ ਤਿੰਨ ਸਾਲ ਵਿੱਚ ਇੱਕ ਵਾਰ ਵਰਦੀ ਦਿੱਤੀ ਹੈ। ਬੱਚਿਆਂ ਨੂੰ ਕਿਤਾਬਾਂ ਦਾ ਕੋਈ ਵੀ ਪ੍ਰਬੰਧ ਨਹੀਂ। ਸਕੂਲ ਦੇ ਪਖ਼ਾਨਿਆਂ ਦੀ ਸਫ਼ਾਈ ਦਾ ਵੀ ਬਹੁਤ ਮਾੜਾ ਹਾਲ ਹੈ। ਕਿਸਾਨ ਆਗੂਆਂ ਨੇ ਮੰਗ ਕਰਦਿਆ ਕਿਹਾ ਕਿ ਮੁਅੱਤਲ ਕੀਤੇ ਅਧਿਆਪਕਾਂ ਤੇ ਦਰਜਾ ਚਾਰ ਕਰਮਚਾਰੀਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤਿੱਖ਼ਾ ਕੀਤਾ ਜਾਵੇਗਾ।