ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਅਗਸਤ
ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਨੇੜਲੇ ਪਿੰਡ ਘਰਾਚੋੰ ਦੇ ਦੋ ਵਿਅਕਤੀਆਂ ਨੂੰ ਛਡਾਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਂਚੋ ਦੀ ਅਗਵਾਈ ਹੇਠ ਪੁਲੀਸ ਥਾਣਾ ਭਵਾਨੀਗੜ੍ਹ ਅੱਗੇ ਬੀਤੀ ਦੇਰ ਸ਼ਾਮ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗੁਰਮੇਲ ਸਿੰਘ ਸਰਪੰਚ ਘਰਾਚੋਂ ਅਤੇ ਇਕ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਪੁਲੀਸ ’ਤੇ ਕਥਿਤ ਸਿਆਸੀ ਦਬਾਅ ਬਣਾ ਕੇ ਪਿੰਡ ਦੇ ਵਿਅਕਤੀ ਕਰਮ ਸਿੰਘ ਨੂੰ ਇਕ ਮਜ਼ਦੂਰ ਸਮੇਤ ਪੰਚਾਇਤ ਦੀ ਜਗ੍ਹਾ ਰੋਕ ਕੇ ਘਰ ਬਣਾਉਣ ਦੇ ਦੋਸ਼ ਲਗਾ ਕੇ ਗ੍ਰਿਫ਼ਤਾਰ ਕਰਵਾ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੀੜਤ ਪਰਿਵਾਰ ਜਥੇਬੰਦੀ ਕੋਲ ਆਇਆ ਤਾਂ ਯੂਨੀਅਨ ਨੇ ਇਸ ਕਥਿਤ ਧੱਕੇਸ਼ਾਹੀ ਖ਼ਿਲਾਫ਼ ਥਾਣੇ ਅੱਗੇ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਕਥਿਤ ਨਾਜਾਇਜ਼ ਢੰਗ ਨਾਲ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਨੂੰ ਰਿਹਾਅ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਬਾਅਦ ਵਿੱਚ ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਸਬ-ਇੰਸਪੈਕਟਰ ਜਗਤਾਰ ਸਿੰਘ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਘਰ ਭੇਜੇ ਜਾਣ ਦੀ ਜਾਣਕਾਰੀ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਪਿੰਡ ਦੇ ਸਰਪੰਚ ਵੱਲੋਂ ਸਪਸ਼ਟੀਕਰਨ
ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਪਹਿਲਾਂ ਵੀ ਪੰਚਾਇਤੀ ਥਾਂ ’ਤੇ ਨਾਜਾਇਜ਼ ਕਬਜ਼ਾ ਕਰਕੇ ਘਰ ਬਣਾਏ ਗਏ ਸਨ। ਜਿਸ ਸਬੰਧੀ ਉਸ ਸਮੇਂ ਦੀ ਪੰਚਾਇਤ ਵੱਲੋਂ ਕੀਤੇ ਕੇਸ ਵਿਚ ਉਹ 1992 ਵਿੱਚ ਮਾਣਯੋਗ ਅਦਾਲਤ ਵਿੱਚ ਕੇਸ ਹਾਰੇ ਹੋਏ ਹਨ। ਹੁਣ ਦੁਬਾਰਾ ਹੋਰ ਪੰਚਾਇਤੀ ਥਾਂ ਰੋਕ ਰਹੇ ਹਨ ਜਿਸ ਸਬੰਧੀ ਪੰਚਾਇਤੀ ਵਿਭਾਗ ਕਾਰਵਾਈ ਕਰ ਰਿਹਾ ਹੈ।
ਅਣਵਰਤੀ ਜ਼ਮੀਨ ਦੀ ਵਾਪਸੀ ਲਈ ਕਿਸਾਨਾਂ ਵੱਲੋਂ ਪ੍ਰਦਰਸ਼ਨ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਉਜਾੜਾ ਰੋਕੂ ਸੰਘਰਸ਼ ਕਮੇਟੀ ਵੱਲੋਂ ਨੇੜਲੇ ਅੱਠ ਪਿੰਡਾਂ ਦੀ ਕਾਰਪੋਰੇਟ ਘਰਾਣੇ ਵੱਲੋਂ 28 ਸਾਲ ਪਹਿਲਾਂ ਐਕੁਆਇਰ ਕੀਤੀ ਗਈ 1119 ਏਕੜ ਜਮੀਨ ਵਿੱਚੋਂ ਅਣਵਰਤੀ 533 ਏਕੜ ਜਮੀਨ ਵਾਪਸੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਟਾਊਨ ਦੇ ਫੁਆਰਾ ਚੌਕ ਵਿੱਚ ਲਸ਼ਕਰ ਸਿੰਘ ਸਰਦਾਰਗੜ੍ਹ, ਹਰਬੰਸ ਲਾਲ, ਦਰਬਾਰਾ ਸਿੰਘ ਆਦਿ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖਿਲਾਫ ਅੱਜ ਤੀਜੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ ਉਪਰ ‘ਸਾਜਿਸ਼ ਨਾਲ ਸਾਡੀਆਂ ਲੁੱਟੀਆਂ ਜ਼ਮੀਨਾਂ ਵਾਪਸ ਕਰੋ ਦੇ ਨਾਅਰੇ ਲਿਖੇ ਹੋਏ ਸਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਭੋਂ ਪ੍ਰਾਪਤੀ ਕਾਨੂੰਨ 2014 ਤਹਿਤ ਸਬੰਧਤ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ।