ਹਰਜੀਤ ਸਿੰਘ
ਡੇਰਾਬੱਸੀ, 30 ਅਗਸਤ
ਜ਼ਿਲ੍ਹਾ ਸੈਸ਼ਨ ਅਦਾਲਤ ਨੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਵੱਲੋਂ ਦਾਖ਼ਲ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਇਕ ਸਫਾਈ ਸੇਵਕ ਨੂੰ ਕਥਿਤ ਜਾਤੀ ਸੂਚਕ ਸ਼ਬਦ ਬੋਲਣ ਅਤੇ ਉਸ ਨਾਲ ਮਾਰਕੁੱਟ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਕੌਂਸਲ ਪ੍ਰਧਾਨ ਸ੍ਰੀ ਰੈਡੀ ਅਤੇ ਵਾਰਡ ਨੰਬਰ 9 ਤੋਂ ਕੌਂਸਲਰ ਆਸ਼ਾ ਰਾਣੀ ਦੇ ਪਤੀ ਭੁਪਿੰਦਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਬਾਅਦ ਵਿੱਚ ਪ੍ਰਧਾਨ ਸ੍ਰੀ ਰੈਡੀ ’ਤੇ ਆਰਮਜ਼ ਐਕਟ ਦੀ ਧਾਰਾ ਵੀ ਜੋੜ ਦਿੱਤੀ ਸੀ। ਅੱਜ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਵਾਰਡ ਨੰਬਰ ਨੌਂ ਦੀ ਕੌਂਸਲਰ ਆਸ਼ਾ ਰਾਣੀ ਦੇ ਪਤੀ ਦਾ ਝਗੜਾ ਸਫਾਈ ਸੇਵਕ ਨਾਲ ਹੋਇਆ ਸੀ। ਇਸ ਦਾ ਫੈਸਲਾ ਕਰਵਾਉਣ ਲਈ ਕੌਂਸਲ ਪ੍ਰਧਾਨ ਸ੍ਰੀ ਰੈਡੀ ਨੇ ਸਫਾਈ ਸੇਵਕ ਸੋਹਣ ਲਾਲ ਨੂੰ ਕੌਂਸਲ ਦਫਤਰ ਵਿੱਚ ਆਪਣੇ ਕਮਰੇ ’ਚ ਬੁਲਾਇਆ ਜਿਥੇ ਕੌਂਸਲਰ ਦੇ ਲੜਕੇ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਦੀ ਮੁੜ ਤੋਂ ਮਾਰਕੁੱਟ ਕੀਤੀ ਅਤੇ ਉਸ ਨੂੰ ਕਥਿਤ ਜਾਤੀ ਸੂਚਕ ਸ਼ਬਦ ਬੋਲੇ ਗਏ। ਸਫਾਈ ਸੇਵਕ ਨੇ ਪਿਸਤੌਲ ਦੇ ਬਟ ਨਾਲ ਮਾਰਨ ਦੀ ਵੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤਕਰਤਾ ਦੇ ਵਕੀਲ ਮੁਕੇਸ਼ ਗਾਂਧੀ ਨੇ ਜ਼ਮਾਨਤ ਅਰਜ਼ੀ ਖਾਰਜ਼ ਹੋਣ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੁਲੀਸ ਛੇਤੀ ਡੇਰਾਬੱਸੀ ਅਦਾਲਤ ਵਿੱਚ ਅਰਜ਼ੀ ਦਾਖ਼ਲ ਕਰਕੇ ਕੌਂਸਲ ਪ੍ਰਧਾਨ ਤੋਂ ਅਸਲੇ ਦੀ ਬਰਾਮਦਗੀ ਕਰੇਗੀ।