ਪੇਈਚਿੰਗ, 13 ਜੁਲਾਈ
ਅਮਰੀਕੀ ਜਲ ਸੈਨਾ ਦਾ ਬੇੜਾ ਅੱਜ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਕੰਟਰੋਲ ਵਾਲੇ ਟਾਪੂਆਂ ਨੇੜੇ ਗਸ਼ਤ ਕਰਦਾ ਨਜ਼ਰ ਆਇਆ। ਚੀਨ ਨੇ ਹਾਲਾਂਕਿ ਵਿਵਾਦਿਤ ਪਾਣੀਆਂ ’ਚ ਹਰਕਤ ਵੇਖੀ ਤਾਂ ਅਮਰੀਕੀ ਬੇੜੇ ਨੂੰ ਫੌਰੀ ਵਾਪਸ ਜਾਣ ਲਈ ਆਖ ਦਿੱਤਾ। ਵਾਸ਼ਿੰਗਟਨ ਨੇ ਕਿਹਾ ਕਿ ਉਸ ਦੇ ਬੇੜੇ ਵੱਲੋਂ ਕੀਤੀ ਗਈ ਗਸ਼ਤ ਸਮੁੰਦਰੀ ਆਵਾਜਾਈ ਦੀ ਆਜ਼ਾਦੀ ’ਤੇ ਆਧਾਰਿਤ ਹੈ। ਯੂਐੱਸਐੱਸ ਬੈੱਨਫੋਲਡ ਨਾਂ ਦਾ ਇਹ ਬੇੜਾ ਜੋ ਕਿਸੇ ਵੀ ਸੇਧੀ ਹੋਈ ਮਿਜ਼ਾਈਲ ਨੂੰ ਨਸ਼ਟ ਕਰਨ ਦੀ ਤਕਨੀਕ ਨਾਲ ਲੈਸ ਹੈ, ਪਾਰਾਸੈੱਲ ਟਾਪੂਆਂ ਨੇੜਿਓਂ ਲੰਘਿਆ ਤੇ ਮਗਰੋਂ ਉਸ ਨੇ ਦੱਖਣੀ ਚੀਨ ਸਾਗਰ ਵਿੱਚ ਆਪਣੇ ਅਪਰੇਸ਼ਨ ਜਾਰੀ ਰੱਖੇ। ਅਮਰੀਕੀ ਜਲ ਸੈਨਾ ਦੀ 7ਵੀਂ ਫਲੀਟ ਨੇ ਇਕ ਬਿਆਨ ਵਿੱਚ ਕਿਹਾ ਕਿ ਉਪਰੋਕਤ ਆਪਰੇਸ਼ਨ ‘ਸਮੁੰਦਰ ਨੂੰ ਕਾਨੂੰਨੀ ਤਰੀਕੇ ਨਾਲ ਵਰਤਣ ਦੇ ਸਾਡੇ ਅਧਿਕਾਰ ਤੇ ਆਜ਼ਾਦੀ ਦੀ ਪੁਸ਼ਟੀ ਕਰਦਾ ਹੈ।’ ਅਜਿਹੇ ਅਪਰੇਸ਼ਨ ਹਿੰਦ-ਪ੍ਰਸ਼ਾਂਤ ਖਿੱਤੇ, ਜਿੱਥੇ ਚੀਨ ਵੱਡੇ ਵੱਧਰ ’ਤੇ ਬੇੜਿਆਂ ਦਾ ਨਿਰਮਾਣ ਕਰਕੇ ਆਪਣੀ ਮੌਜੂਦਗੀ ਨੂੰ ਵਧਾਉਣ ਦਾ ਕੰਮ ਕਰ ਰਿਹਾ ਹੈ, ਵਿੱਚ ਅਮਰੀਕੀ ਜਲਸੈਨਾ ਦੀ ਮੌਜੂਦਗੀ ਨੂੰ ਕਾਇਮ ਰੱਖਣ ਲਈ ਅਹਿਮ ਹਨ। -ਏਪੀ