ਜਸਬੀਰ ਸ਼ੇਤਰਾ
ਜਗਰਾਉਂ, 20 ਜੁਲਾਈ
ਪਿੰਡ ਲੱਖਾ ’ਚ ਇੱਕ ਮਹੀਨਾ ਪਹਿਲਾਂ ਬਿਰਧ ਜੋੜੇ ਦੇ ਬੇਰਹਿਮੀ ਨਾਲ ਹੋਏ ਕਤਲ ਦੀ ਗੁੱਥੀ ਸੁਲਝਾਉਣ ’ਚ ਪੁਲੀਸ ’ਤੇ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਪੰਜਾਬ ਕਿਸਾਨ ਯੂਨੀਅਨ ਨੇ ਅੱਜ ਰੋਸ ਦਿਖਾਵਾ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਕਿਹਾ ਕਿ ਲੋਕਾਂ ’ਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖ਼ਾਸ ਤੌਰ ’ਤੇ ਪਿੰਡ ਲੱਖਾ ਵਾਸੀ ਪੁਲੀਸ ਦੇ ਢਿੱਲੇ ਰਵੱਈਏ ਤੋਂ ਖ਼ਫ਼ਾ ਹਨ। ਪਿੰਡ ਦੀ ਸੱਥ ’ਚ ਇਕੱਠ ਕਰ ਕੇ ਪੁਲੀਸ ਖ਼ਿਲਾਫ਼ ਲੋਕਾਂ ਨੇ ਆਪਣਾ ਗੁੱਸਾ ਵੀ ਕੱਢਿਆ। ਉਨ੍ਹਾਂ ਕਿਹਾ ਕਿ ਕਤਲ ਦੇ ਦੋ ਹਫ਼ਤੇ ਬੀਤ ਜਾਣ ’ਤੇ ਛੇ ਜੁਲਾਈ ਨੂੰ ਥਾਣਾ ਹਠੂਰ ਦੇ ਬਾਹਰ ਲੋਕਾਂ ਨੇ ਜਥੇਬੰਦੀ ਦੀ ਅਗਵਾਈ ’ਚ ਧਰਨਾ ਲਾਇਆ ਸੀ। ਉਸ ਸਮੇਂ ਪੁਲੀਸ ਅਧਿਕਾਰੀਆਂ ਵੱਲੋਂ ਕਾਰਵਾਈ ਲਈ ਥੋੜ੍ਹਾ ਸਮਾਂ ਮੰਗਣ ’ਤੇ 21 ਦਿਨ ਦਾ ਅਲਟੀਮੇਟਮ ਦੇ ਕੇ ਧਰਨਾ ਚੁੱਕ ਲਿਆ ਸੀ। ਪਰ ਇਹ ਸਮਾਂ ਵੀ ਭਲਕ ਤੱਕ ਪੂਰਾ ਹੋਣ ਜਾ ਰਿਹਾ ਹੈ ਪਰ ਪੁਲੀਸ ਦੇ ਹੱਥ ਹਾਲੇ ਵੀ ਖਾਲੀ ਹਨ। ਇਸ ਲਈ ਕਿਸਾਨ ਜਥੇਬੰਦੀ ਦੀ ਅੱਜ ਦੀ ਇਕੱਤਰਤਾ ’ਚ ਪਹਿਲੀ ਅਗਸਤ ਨੂੰ ਥਾਣਾ ਹਠੂਰ ਦਾ ਘਿਰਾਉ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਪ੍ਰਧਾਨ ਸ੍ਰੀ ਚਕਰ ਨੇ ਕਿਹਾ ਕਿ ਬਜ਼ੁਰਗ ਹਰੀ ਚੰਦ ਅਤੇ ਉਨ੍ਹਾਂ ਦੀ ਪਤਨੀ ਸ਼ਾਂਤੀ ਦੇਵੀ ਦਾ ਘਰ ’ਚ ਹੀ ਕਤਲ ਕੀਤਾ ਗਿਆ ਸੀ। ਸ਼ਾਂਤੀ ਦੇਵੀ ਦੀ ਲਾਸ਼ ਮੌਕੇ ’ਤੇ ਮਿਲੀ ਸੀ ਜਦਕਿ ਹਰੀ ਚੰਦ ਨੂੰ ਕਤਲ ਕਰ ਕੇ ਕਾਤਲਾਂ ਨੇ ਲਾਸ਼ ਘਰ ’ਚ ਹੀ ਦੱਬ ਦਿੱਤੀ ਜੋ ਬਾਅਦ ’ਚ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ 22 ਜੁਲਾਈ ਦੇ ਸੰਸਦ ਮਾਰਚ ਵਾਲੇ ਪ੍ਰੋਗਰਾਮ ’ਚ ਰੁੱਝੇ ਹਨ ਜਿਸ ਕਰ ਕੇ ਪੁਲੀਸ ਨੂੰ ਦਸ ਦਿਨ ਦਾ ਹੋਰ ਸਮਾਂ ਦਿੱਤਾ ਗਿਆ ਹੈ। ਇਨ੍ਹਾਂ ਦਸਾਂ ਦਿਨਾਂ ’ਚ ਕਤਲ ਦੀ ਗੁੱਥੀ ਸੁਲਝਾ ਕੇ ਕਾਤਲ ਗ੍ਰਿਫ਼ਤਾਰ ਨਾ ਕੀਤੇ ਜਾਣ ’ਤੇ ਇਲਾਕਾ ਵਾਸੀ ਥਾਣੇ ਦਾ ਘਿਰਾਉ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਅਮਨਦੀਪ ਸਿੰਘ, ਦਰਸ਼ਨ ਸਿੰਘ, ਬਲਰਾਜ ਸਿੰਘ ਆਦਿ ਮੌਜੂਦ ਸਨ।