ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਦਸੰਬਰ
ਥਾਣਾ ਇਸਲਾਮਾਬਾਦ ਦੀ ਪੁਲੀਸ ਨੇ ਲੁੱਟਾਂ ਖੋਹਾਂ ਦੇ ਦੋਸ਼ ਹੇਠ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਦੋ ਮੋਬਾਇਲ ਫੋਨ, ਤਿੰਨ ਤੇਜ਼ਧਾਰ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਦੀਪਕ, ਗਗਨ ਅਤੇ ਰੋਹਿਤ ਸਾਰੇ ਵਾਸੀ ਖੰਡਵਾਲਾ, ਦਵਿੰਦਰ ਸਿੰਘ ਉਰਫ ਵਿਸ਼ਾਲ ਅਤੇ ਹਰਮਨ ਕੁਮਾਰ ਵਜੋਂ ਹੋਈ ਹੈ। ਇਨ੍ਹਾਂ ਦਾ ਇਕ ਸਾਥੀ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ ਪਰ ਪੁਲੀਸ ਨੇ ਉਸ ਦੀ ਵੀ ਪਛਾਣ ਕਰ ਲਈ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੁਲਖਣ ਸਿੰਘ ਨੇ ਦੱਸਿਆ ਕਿ ਇਹ ਤੇਜ਼ਧਾਰ ਹਥਿਆਰ ਦਿਖਾ ਕੇ ਲੋਕਾਂ ਕੋਲੋਂ ਲੁੱਟਾਂ ਖੋਹਾਂ ਕਰਦੇ ਹਨ। ਪੁਲੀਸ ਨੇ ਅਗਾਊਂ ਸੂਚਨਾ ਦੇ ਆਧਾਰ ’ਤੇ ਇਨ੍ਹਾਂ ਨੂੰ ਬੋਹੜੀ ਸਾਹਿਬ ਰੋਡ ਤੋਂ ਕਾਬੂ ਕੀਤਾ ਹੈ। ਇਸ ਛਾਪੇ ਦੌਰਾਨ ਇਨ੍ਹਾਂ ਦਾ ਇਕ ਸਾਥੀ ਭੱਜਣ ਵਿਚ ਸਫ਼ਲ ਹੋ ਗਿਆ। ਪੁਲੀਸ ਨੇ ਇਨ੍ਹਾਂ ਖ਼ਿਲਾਫ ਕੇਸ ਦਰਜ ਕੀਤਾ ਹੈ।