ਪ੍ਰਭੂ ਦਿਆਲ
ਸਿਰਸਾ, 7 ਜੂਨ
ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਹਰਿਆਣਾ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਕਰੋਨਾ ਪੀੜਤ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜ ਤਾਰਾ ਹੋਟਲ ਵਰਗੇ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਅਤੇ ਸਹਾਇਕ ਮੁਹੱਈਆ ਕਰਵਾ ਕੇ ਕਰੋਨਾ ਨੇਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਖ਼ਿਲਾਫ਼ ਜਲਦ ਹੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਅੰਸ਼ੁਲ ਨੇ ਕਿਹਾ ਕਿ ਪੀਜੀਆਈ ਰੋਹਤਕ ਵਿੱਚ ਡੇਰਾ ਮੁਖੀ ਵੱਲੋਂ ਕਰੋਨਾ ਟੈਸਟ ਕਰਵਾਏ ਜਾਣ ਤੋਂ ਇਨਕਾਰ ਕੀਤੇ ਜਾਣ ਦੀਆਂ ਖ਼ਬਰਾਂ ਆਈਆਂ ਸਨ, ਜਿਸ ਮਗਰੋਂ ਉਸ ਨੂੰ ਪੰਜ ਤਾਰਾ ਹੋਟਲ ਵਰਗੇ ਹਸਪਤਾਲ ਵਿੱਚ ਕਰੋਨਾ ਪਾਜ਼ੇਟਿਵ ਦੱਸਿਆ ਗਿਆ ਹੈ। ਦੇਖਭਾਲ ਲਈ ਸਹਾਇਕ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਆਪਣੀ ਬਿਮਾਰ ਮਾਂ ਨੂੰ ਕਿਸੇ ਹਸਪਤਾਲ ਦੀ ਬਜਾਏ ਕਥਿਤ ਤੌਰ ’ਤੇ ਕਿਸੇ ਨਿੱਜੀ ਫਰਮ ਵਿੱਚ ਮਿਲੇ ਸਨ। ਇਹ ਸਭ ਸਰਕਾਰ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਜਬਰ-ਜਨਾਹ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ। ਡੇਰਾ ਮੁਖੀ ਨੂੰ 25 ਅਗਸਤ 2017 ਨੂੰ ਪੰਚਕੂਲਾ ਦੀ ਸਪੈਸ਼ਲ ਸੀਬੀਆਈ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ। ਸਜ਼ਾ ਸੁਣਾਏ ਜਾਣ ਮਗਰੋਂ ਪੰਜਾਬ ਤੇ ਹਰਿਆਣਾ ਵਿੱਚ ਵੱਡੇ ਪੱਧਰ ’ਤੇ ਸਾੜ-ਫੂਕ ਹੋਈ ਸੀ ਤੇ ਕਈ ਵਿਅਕਤੀਆਂ ਦੀ ਜਾਨ ਚਲੀ ਗਈ ਸੀ।