ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਉਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਅੱਜ ਚਾਰ ਜਣਿਆਂ ਨੂੰ ਜ਼ਮਾਨਤ ਦਿੰਦਿਆਂ ਕਿਹਾ ਕਿ ਕੋਈ ਸੀਸੀਟੀਵੀ ਫੁਟੇਜ ਜਾਂ ਤਸਵੀਰ ਉਨ੍ਹਾਂ ਨੂੰ ਇਸ ਘਟਨਾ ਨਾਲ ਨਹੀਂ ਜੋੜਦੀ। ਲਿਆਕਤ ਅਲੀ, ਅਰਸ਼ਦ ਕਯੂਮ, ਗੁਲਫਾਮ ਅਤੇ ਇਰਸ਼ਾਦ ਅਹਿਮਦ ਦੰਗੇ ਕਰਵਾਉਣ, ਵਾਹਨਾਂ ਨੂੰ ਸਾੜਨ ਅਤੇ ਭੀੜ ਨੂੰ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਹਨ। ਅਦਾਲਤ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਜ਼ਿਆਦਾ ਸਮਾਂ ਜੇਲ੍ਹ ਵਿੱਚ ਬੰਦ ਨਹੀਂ ਰੱਖਿਆ ਜਾ ਸਕਦਾ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਮੁਲਜ਼ਮ ਨੂੰ ਵੀਹ-ਵੀਹ ਹਜ਼ਾਰ ਦੇ ਨਿੱਜੀ ਮੁਚੱਲਕੇ ਅਤੇ ਏਨੀ ਹੀ ਜ਼ਾਮਨੀ ਰਾਸ਼ੀ ’ਤੇ ਰਿਹਾਅ ਕੀਤਾ ਜਾਵੇ। ਜਸਟਿਸ ਸੁਰੇਸ਼ ਕੁਮਾਰ ਕੈਤ ਨੇ ਚਾਰਾਂ ਕੇਸਾਂ ਦਾ ਸਾਂਝਾ ਆਦੇਸ਼ ਪਾਸ ਕਰਦਿਆਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਪਟੀਸ਼ਨਰਾਂ ਨੂੰ ਜ਼ਿਆਦਾ ਸਮਾਂ ਸਲਾਖਾਂ ਪਿੱਛੇ ਨਹੀਂ ਰੱਖਿਆ ਜਾ ਸਕਦਾ ਅਤੇ ਉਨ੍ਹਾਂ ਖ਼ਿਲਾਫ਼ ਦੋਸ਼ਾਂ ਦੀ ਜਾਂਚ ਟਰਾਇਲ ਦੌਰਾਨ ਚੱਲਦੀ ਰਹਿ ਸਕਦੀ ਹੈ।’’ -ਪੀਟੀਆਈ