ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਪਰੈਲ
ਤਿੰਨ ਪੰਜਾਬ ਏਅਰ ਸਕੁਐਡਰਨ ਐੱਨਸੀਸੀ ਵੱਲੋਂ ਐੱਨਸੀਸੀ ਪਟਿਆਲਾ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਰਾਜਿੰਦਰ ਹਸਪਤਾਲ ਦੇ ਬਲੱਡ ਬੈਂਕ ’ਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ’ਚ ਯੂਨਿਟ ਦੇ 30 ਕੈਡਿਟਾਂ ਨੇ ਖ਼ੂਨਦਾਨ ਕੀਤਾ। ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਤੋਂ ਡਾ. ਪ੍ਰਿਅੰਕਾ ਦੀ ਰਹਿਨੁਮਾਈ ਹੇਠ ਖ਼ੂਨ ਇਕੱਤਰ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਆਪਣਾ ਸਹਿਯੋਗ ਦਿੱਤਾ। ਇਸ ਦੌਰਾਨ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦਿਆਂ, ਮੇਅਰ ਸੰਜੀਵ ਬਿੱਟੂ ਨੇ ਖ਼ੂਨਦਾਨ ਨੂੰ ਮਹਾਨ ਦਾਨ ਦੱਸਿਆ। ਕਮਾਂਡਿੰਗ ਅਫ਼ਸਰ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਨੇ ਸਾਲ 1997 ’ਚ 100 ਫ਼ੀਸਦੀ ਸਵੈ-ਇੱਛਾ ਖ਼ੂਨਦਾਨ ਦੀ ਨੀਂਹ ਰੱਖੀ ਸੀ, ਜਿਸ ਕਾਰਨ ਵਿਸ਼ਵ ਦੇ 124 ਦੇਸ਼ਾਂ ’ਚ ਸਵੈ-ਇੱਛਾ ਖ਼ੂਨਦਾਨ ਨੂੰ ਉਤਸ਼ਾਹਿਤ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਹੀ ਜ਼ਿੰਦਗੀ ਤੇ ਮੌਤ ਦਰਮਿਆਨ ਜੂਝ ਰਹੇ ਕਿਸੇ ਵਿਅਕਤੀ ਦੀ ਜ਼ਿੰਦਗੀ ਬਣਾਉਣ ਲਈ ਵਰਦਾਨ ਸਾਬਤ ਹੁੰਦਾ ਹੈ, ਇਸ ਲਈ ਸਾਨੂੰ ਸਭ ਨੂੰ ਸਵੈਇੱਛਤ ਖ਼ੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ।