ਮੇਜਰ ਸਿੰਘ ਮੱਟਰਾਂ
ਭਵਾਨੀਗੜ, 26 ਅਕਤੂਬਰ
ਪਿਛਲੇ ਦਿਨ ਪਏ ਭਾਰੀ ਮੀਂਹ ਕਾਰਣ ਇੱਥੇ ਅਨਾਜ ਮੰਡੀ ਵਿੱਚ ਵਿਕਣ ਲਈ ਆਏ ਝੋਨੇ ਦਾ ਨੁਕਸਾਨ ਹੋ ਜਾਣ ’ਤੇ ਰੋਸ ਵੱਜੋਂ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਪੰਥਕ ਚੇਤਨਾ ਲਹਿਰ ਦੇ ਆਗੂਆਂ ਵੱਲੋਂ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨੇ ਦੌਰਾਨ ਕਮੇਟੀ ਦੇ ਸਕੱਤਰ ਵੱਲੋਂ ਕਿਸਾਨਾਂ ਨਾਲ ਕੀਤੇ ਦੁਰਵਿਵਹਾਰ ਖਿਲਾਫ ਅੱਜ ਦੂਜੇ ਦਿਨ ਵੀ ਮਾਰਕੀਟ ਕਮੇਟੀ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ’ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਸਕੱਤਰ ਰਣ ਸਿੰਘ ਚੱਠਾ, ਜ਼ਿਲ੍ਹਾ ਮੀਤ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਕਸ਼ਮੀਰ ਸਿੰਘ ਕਾਕੜਾ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਸਕਰੌਦੀ ਅਤੇ ਪੰਥਕ ਚੇਤਨਾ ਲਹਿਰ ਦੇ ਕਨਵੀਨਰ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਜਦੋਂ ਕਿਸਾਨ ਆਪਣੀ ਝੋਨੇ ਦੀ ਫਸਲ ਦੇ ਨੁਕਸਾਨ ਸਬੰਧੀ ਰੋਸ ਪ੍ਰਦਰਸ਼ਨ ਕਰ ਰਹੇ ਸਨ, ਉਸ ਮੌਕੇ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਹਮਦਰਦੀ ਕਰਨ ਦੀ ਥਾਂ ਦੁਰਵਿਵਹਾਰ ਕਰਕੇ ਕਿਸਾਨਾਂ ਦੇ ਅੱਲੇ ਜ਼ਖ਼ਮਾਂ ਤੇ ਲੂਣ ਭੁੱਕਣ ਦੀ ਹਰਕਤ ਕੀਤੀ ਗਈ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵੱਲੋਂ 6 ਕਰੋੜ ਰੁਪਏ ਨਾਲ ਮੰਡੀ ਬੋਰਡ ਦਾ ਸੀਵਰੇਜ ਪਾਉਣ ਦਾ ਦਾਅਵਾ ਕੀਤਾ ਗਿਆ ਸੀ, ਪਰ ਦਾਅਵਾ ਮੀਂਹ ਦੇ ਪਾਣੀ ਦੀ ਨਿਕਾਸੀ ਕਰਨ ਵਿੱਚ ਫੇਲ੍ਹ ਸਿੱਧ ਹੋ ਗਿਆ।
ਇਸੇ ਦੌਰਾਨ ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਸਕੱਤਰ ਭਰਭੂਰ ਸਿੰਘ ਨੇ ਕਿਸਾਨਾਂ ਤੋਂ ਗਲਤ ਸ਼ਬਦਾਵਲੀ ਦੀ ਵਰਤੋਂ ਦੀ ਮੁਆਫੀ ਮੰਗੀ ਗਈ ਅਤੇ ਰਾਜੇਸ਼ ਆਹੂਜਾ ਨਾਇਬ ਤਹਿਸੀਲਦਾਰ ਭਵਾਨੀਗੜ੍ਹ ਨੇ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਆਏ ਸਾਰੇ ਝੋਨੇ ਨੂੰ ਪੂਰੇ ਰੇਟ ’ਤੇ ਖਰੀਦਣ ਦਾ ਭਰੋਸਾ ਦਿੱਤਾ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਹੇਸ਼ਪਾਲ ਵਰਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਦੀਪ ਕੁਮਾਰ ਕੱਦ ਅਤੇ ਰਣਜੀਤ ਸਿੰਘ ਤੂਰ ਨੇ ਕਿਸਾਨਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਭਰੋਸੇ ਉਪਰੰਤ ਧਰਨਾ ਸਮਾਪਤ ਕੀਤਾ ਗਿਆ।