ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 26 ਅਕਤੂਬਰ
ਬਿਰਧ ਆਸ਼ਰਮ ਰਾਜਪੁਰਾ ਵਿੱਚ ਆਮ ਆਦਮੀ ਪਾਰਟੀ (ਵਪਾਰੀ ਵਰਗ) ਦੀ ਇਕ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਪ੍ਰਵੀਨ ਛਾਬੜਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੋਤੀ ਨਗਰ ਦਿੱਲੀ ਦੇ ਵਿਧਾਇਕ ਸ਼ਿਵ ਚਰਨ ਗੋਇਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਇਕ ਸੁਰ ਵਿਚ ਵਿਧਾਨ ਸਭਾ ਚੋਣਾਂ ਲਈ ਲੋਕਲ ਉਮੀਦਵਾਰ ਦੀ ਮੰਗ ਕੀਤੀ। ਇਸ ਮੌਕੇ ਪਾਰਟੀ ਫੁੱਟ ਉੱਭਰ ਕੇ ਸਾਹਮਣੇ ਆਈ। ਹਲਕਾ ਰਾਜਪੁਰਾ ਦੀ ਇੰਚਾਰਜ ਨੀਨਾ ਮਿੱਤਲ ਅਤੇ ਉਸ ਦੇ ਖ਼ੈਮੇ ਨੇ ਦੂਰੀ ਬਣਾਈ ਰੱਖੀ। ਇਸ ਮੌਕੇ ਪ੍ਰਵੀਨ ਛਾਬੜਾ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਭਾਵੇਂ ਕਿਸੇ ਨੂੰ ਵੀ ਟਿਕਟ ਦੇਵੇ ਪਾਰਟੀ ਦੇ ਵਰਕਰ ਇਕਜੁੱਟ ਹਨ। ਹਲਕਾ ਇੰਚਾਰਜ ਦਾ ਇਸ ਮੀਟਿੰਗ ਵਿਚ ਸ਼ਾਮਲ ਨਾ ਹੋਣ ਬਾਰੇ ਵਿਚ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਨੀਨਾ ਮਿੱਤਲ ਕਿਧਰੇ ਹੋਰ ਰੁੱਝੇ ਹੋਏ ਹਨ, ਇਸ ਲਈ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਉੱਧਰ ਨੀਨਾ ਮਿੱਤਲ ਨੇ ਪੁੱਛਣ ’ਤੇ ਕਿਹਾ ਕਿ ਇਹ ਕੋਈ ਪਾਰਟੀ ਦੀ ਅਫਿਸ਼ੀਅਲ ਮੀਟਿੰਗ ਨਹੀਂ ਸੀ ਬਲਕਿ ਨਿੱਜੀ ਮੀਟਿੰਗ ਸੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਮੀਟਿੰਗ ਬਾਰੇ ਕੋਈ ਸੁਨੇਹਾ ਹੀ ਲੱਗਿਆ ਹੈ।