ਪੱਤਰ ਪ੍ਰੇਰਕ
ਰੂਪਨਗਰ, 13 ਮਈ
ਰੂਪਨਗਰ ਜ਼ਿਲ੍ਹੇ ਵਿੱਚ ਅੱਜ 205 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂ ਕਿ 6 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਰੂਪਨਗਰ ਦੇ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਅੱਜ ਬਲਾਕ ਭਰਤਗੜ੍ਹ ਦੇ ਪਿੰਡ ਘਨੌਲੀ ਦੇ 75 ਸਾਲਾ , ਨੂਰਪੁਰ ਬੇਦੀ ਬਲਾਕ ਦੇ ਪਿੰਡ ਸੈਣੀ ਮਾਜਰਾ ਦੇ 65 ਸਾਲਾ, ਨੰਗਲ ਤਹਿਸੀਲ ਦੇ ਪਿੰਡ ਉਪਰਲਾ ਦੜੌਲੀ ਦੇ 66 ਸਾਲਾ ,ਕੀਰਤਪੁਰ ਸਾਹਿਬ ਬਲਾਕ ਦੇ ਪਿੰਡ ਮਹਿੰਦਲੀ ਖੁਰਦ ਦੇ 50 ਸਾਲਾ, ਨੂਰਪੁਰ ਬੇਦੀ ਬਲਾਕ ਦੇ ਪਿੰਡ ਬਟਾਰਲਾ ਦੇ 77 ਸਾਲਾ, ਬਲਾਕ ਭਰਤਗੜ੍ਹ ਦੇ ਪਿੰਡ ਕੋਟਲਾ ਨਿਹੰਗ ਦੇ 70 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਅੰਬਾਲਾ ਜ਼ਿਲ੍ਹੇ ਵਿਚ 357 ਕੇਸ ਪਾਜ਼ੇਟਿਵ ਆਏ। ਅੱਜ ਕਰੋਨਾ ਨਾਲ ਪ੍ਰਭੂ ਪ੍ਰੇਮ ਪੁਰਮ ਅੰਬਾਲਾ ਕੈਂਟ ਦੀ 58 ਸਾਲਾ, ਸੁੱਲਰ ਪਿੰਡ ਦੀ 57 ਸਾਲਾ ਔਰਤ, ਨਾਹਨ ਹਾਊਸ ਅੰਬਾਲਾ ਸ਼ਹਿਰ ਦਾ 85 ਸਾਲਾ ਵਿਅਕਤੀ, ਰਵੀ ਦਾਸ ਮਾਜਰੀ ਅੰਬਾਲਾ ਸ਼ਹਿਰ ਦੀ 44 ਸਾਲਾ ਔਰਤ, ਡੇਰਾ ਸਲੀਮਪੁਰ (ਬਰਾੜਾ) ਦਾ 72 ਸਾਲਾ ਵਿਅਕਤੀ ਅਤੇ ਆਲੂ ਗੋਦਾਮ ਅੰਬਾਲਾ ਕੈਂਟ ਦਾ 52 ਸਾਲਾ ਵਿਅਕਤੀ ਸ਼ਾਮਲ ਹਨ।ਛਾਉਣੀ ਨਗਰ ਪਰਿਸ਼ਦ ਦੇ ਰਾਮਸੰਜੀਵਨ ਨਾਂ ਦੇ ਮਾਲੀ ਦੀ ਮੌਤ ਹੋ ਗਈ। ਉਸ ਦੀ ਮੌਤ ਦੀ ਸੂਚਨਾ ਜਦੋਂ ਮਾਂ ਨੂੰ ਮਿਲੀ ਤਾਂ ਉਸ ਨੂੰ ਅਜਿਹਾ ਸਦਮਾ ਲੱਗਾ ਕਿ ਉਹ ਵੀ ਦਮ ਤੋੜ ਗਈ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਕਰੋਨਾ ਕਾਰਨ ਅੱਜ 4 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 96 ਨਵੇਂ ਮਾਮਲੇ ਸਾਹਮਣੇ ਆਏ ਹਨ।
ਕੋਵਿਡ ਹਸਪਤਾਲ ਲਈ ਜਗ੍ਹਾ ਦਾ ਲਿਆ ਜਾਇਜ਼ਾ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਇੱਥੇ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੱਛਮੀ ਕਮਾਂਡ ਫੌਜ ਦੇ ਅਧਿਕਾਰੀਆਂ ਨੇ ਮੁਹਾਲੀ ਵਿੱਚ ਕੋਵਿਡ ਮਰੀਜ਼ਾਂ ਲਈ 100 ਬੈੱਡਾਂ ਦੀ ਵਿਵਸਥਾ ਕਰਨ ਲਈ ਸਬੰਧਤ ਜਗ੍ਹਾ ਦਾ ਸਾਂਝੇ ਤੌਰ ’ਤੇ ਜਾਇਜ਼ਾ ਲਿਆ। ਡੀਸੀ ਗਿਰੀਸ਼ ਦਿਆਲਨ ਨੇ ਕਿਹਾ ਕਿ ਸ਼ੁਰੂਆਤੀ ਯੋਜਨਾ ਆਰਜ਼ੀ ਸਹੂਲਤ ਸਥਾਪਿਤ ਕਰਨ ਦੀ ਸੀ ਪਰ ਜਦੋਂ ਤੱਕ ਉਸ ਲਈ ਪਹਿਲਾਂ ਤੋਂ ਤਿਆਰ ਢਾਂਚਾ ਜ਼ਿਲ੍ਹੇ ਵਿੱਚ ਪਹੁੰਚੇਗਾ, ਉਦੋਂ ਤੱਕ ਇਸ ਸਹੂਲਤ ਨੂੰ ਸਰਕਾਰੀ ਹਸਪਤਾਲ ਫੇਜ਼-6 ਦੀ ਦੂਜੀ, ਤੀਜੀ ਮੰਜ਼ਲ ’ਤੇ ਸ਼ੁਰੂ ਕਰਨ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਸਾਂਝੀਆਂ ਜ਼ਰੂਰਤਾਂ ਦੇ ਮੁਲਾਂਕਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਪੱਛਮੀ ਕਮਾਂਡ ਨਾਲ ਸਰੋਤਾਂ ਨੂੰ ਜੁਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਸਿਵਲ ਅਤੇ ਮਿਲਟਰੀ ਅਫੇਅਰਜ਼ ਪੱਛਮੀ ਕਮਾਂਡ ਦੇ ਡਾਇਰੈਕਟਰ ਕਰਨਲ ਜਸਦੀਪ ਸੰਧੂ, ਏਡੀਸੀ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ, ਐੱਸਡੀਐਮ ਜਗਦੀਪ ਸਹਿਗਲ ਹਾਜ਼ਰ ਸਨ।