ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 13 ਮਈ
ਚੰਡੀਗੜ੍ਹ ਨਗਰ ਨਿਗਮ ਸ਼ਹਿਰ ਵਿੱਚ ਕਰੋਨਾ ਪੀੜਤ ਮਰੀਜ਼ਾਂ ਲਈ 20 ਹਜ਼ਾਰ ਆਕਸੀਮੀਟਰ ਖਰੀਦੇਗਾ। ਇਹ ਆਕਸੀਮੀਟਰ ਨਗਰ ਨਿਗਮ ਵੱਲੋਂ ਚੰਡੀਗੜ੍ਹ ਦੇ ਸਿਹਤ ਵਿਭਾਗ ਨੂੰ ਸੌਂਪੇ ਜਾਣਗੇ। ਨਗਰ ਨਿਗਮ ਇਹ ਆਕਸੀਮੀਟਰ ਖਰੀਦਣ ਲਈ ਕੋਵਿਡ ਸੈੱਸ ਫੰਡ ਦੀ ਵਰਤੋਂ ਕਰੇਗਾ। ਇਸ ਦੇ ਨਾਲ ਹੀ ਨਿਗਮ ਨੇ 80 ਆਕਸੀਜਨ ਕੰਸਨਟਰੇਟਰ ਖਰੀਦਣ ਲਈ ਟੈਂਡਰ ਲਾਇਆ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਪਹਿਲਾਂ ਕਰੋਨਾ ਪੀੜਤ ਮਰੀਜ਼ਾਂ ਨੂੰ ਕਿੱਟ ਦੇ ਨਾਲ ਆਕਸੀਮੀਟਰ ਦਿੱਤੇ ਜਾਂਦੇ ਸਨ ਪਰ ਹੁਣ ਨਹੀਂ ਦਿੱਤੇ ਜਾ ਰਿਹੇ। ਪ੍ਰਸ਼ਾਸਨ ਨੇ ਹੁਣ ਨਿਗਮ ਨੂੰ ਕਰੋਨਾ ਫੰਡ ਦੀ ਰਾਸ਼ੀ ਨਾਲ ਇਹ ਆਕਸੀਮੀਟਰ ਖਰੀਦਣ ਲਈ ਕਿਹਾ ਹੈ। ਨਿਗਮ ਦੇ ਖਾਤੇ ਵਿੱਚ ਕੋਵਿਡ ਸੈੱਸ ਫੰਡ ਦੇ 28 ਕਰੋੜ ਰੁਪਏ ਜਮ੍ਹਾਂ ਹਨ। ਨਿਗਮ ਵਲੋਂ ਇਸ ਸਬੰਧੀ ਕਮੇਟੀ ਬਣਾ ਦਿੱਤੀ ਗਈ ਹੈ। ਕਮੇਟੀ ਵਿੱਚ ਸੈਕਟਰ 16 ਸਰਕਾਰੀ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਪਰਮਜੀਤ ਸਿੰਘ , ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ, ਮੈਡੀਕਲ ਅਫਸਰ ਸਿਹਤ ਡਾ. ਅੰਮ੍ਰਿਤ ਪਾਲ ਵਡਿੰਗ, ਚੀਫ ਇੰਜਨੀਅਰ ਸ਼ੈਲੇਂਦਰ ਸਿੰਘ, ਚੀਫ ਅਕਾਊਂਟ ਅਫਸਰ ਵੀਐੱਸ ਠਾਕੁਰ, ਨਾਮਜ਼ਦ ਕੌਂਸਲਰ ਅਜੇ ਦੱਤਾ ਅਤੇ ਡਾ . ਜਯੋਤਸਨਾ ਵਿਗ ਨੂੰ ਸ਼ਾਮਲ ਕੀਤਾ ਗਿਆ ਹੈ।