ਨਵੀਂ ਦਿੱਲੀ: ਚੀਨ ਸਰਕਾਰ ਵੱਲੋਂ ਅਰੁਣਾਚਲ ਪ੍ਰਦੇਸ਼ ਦੀਆਂ 15 ਥਾਵਾਂ ਦੇ ਨਾਂ ਬਦਲਣ ਦੀ ਕੋਸ਼ਿਸ਼ ’ਤੇ ਕਾਂਗਰਸ ਨੇ ਅੱਜ ਮੋਦੀ ਸਰਕਾਰ ਉਤੇ ਨਿਸ਼ਾਨਾ ਸੇਧਿਆ। ਕਾਂਗਰਸ ਨੇ ਕਿਹਾ ਕਿ, ‘ਭਾਰਤ ਦੀ ਜ਼ਮੀਨ ਉਤੇ ਕਬਜ਼ਾ ਕਰਨ ਵਾਲੇ ਚੀਨ ਦਾ ਨਾਂ ਲੈਣ ਤੇ ਜਵਾਬੀ ਕਾਰਵਾਈ ਕਰਨ ਤੋਂ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਝਿਜਕ ਕਿਉਂ ਰਹੀ ਹੈ।’ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ, ‘ਚੀਨ ਅਰੁਣਾਚਲ ਵਿਚ 15 ਥਾਵਾਂ ਦੇ ਨਾਂ ਬਦਲ ਰਿਹਾ ਹੈ ਤੇ ਹਾਲ ਹੀ ਵਿਚ ਸਾਹਮਣੇ ਆਈਆਂ ਸੈਟੇਲਾਈਟ ਤਸਵੀਰਾਂ ਨੇ ਦਿਖਾਇਆ ਹੈ ਕਿ ਚੀਨ ਨੇ ਸਾਡੇ ਇਲਾਕੇ ਵਿਚ ਦੋ ਪਿੰਡ ਵੀ ਬਣਾ ਲਏ ਹਨ। ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਬੀਜਿੰਗ ਜਨਤਾ ਪਾਰਟੀ ਦੇ ਆਗੂ ਚੀਨ ਦਾ ਨਾਂ ਲੈਣ ਤੋਂ ਵੀ ਝਿਜਕਦੇ ਹਨ! ਸਿਰਫ਼ ਇਕੋ ਕੰਮ ਕਰਦੇ ਹਨ ਕਿ ਧਿਆਨ ਭਟਕਾਉਂਦੇ ਹਨ ਤੇ ਚੀਨ ਵੱਲੋਂ ਕਬਜ਼ੇ ਬਾਰੇ ਕਬੂਲਣ ਤੋਂ ਭੱਜਦੇ ਹਨ।’ ਦੱਸਣਯੋਗ ਹੈ ਕਿ ਚੀਨ ਨੇ ਆਪਣਾ ਨਵਾਂ ਸਰਹੱਦੀ ਕਾਨੂੰਨ ਲਾਗੂ ਕੀਤਾ ਹੈ ਤੇ ਆਪਣੇ ਨਕਸ਼ੇ ਵਿਚ ਚੀਨ ਦੀ ਸਰਕਾਰ ਨੇ ਅਰੁਣਾਚਲ ਦੀਆਂ 15 ਥਾਵਾਂ ਦੇ ਨਾਂ ਬਦਲ ਦਿੱਤੇ ਹਨ। ਇਸ ਤੋਂ ਪਹਿਲਾਂ 2017 ਵਿਚ ਚੀਨ ਨੇ ਛੇ ਥਾਵਾਂ ਦੇ ਨਾਂ ਬਦਲ ਦਿੱਤੇ ਸਨ। 23 ਅਕਤੂਬਰ ਨੂੰ ਪਾਸ ਕੀਤਾ ਗਿਆ ਨਵਾਂ ਕਾਨੂੰਨ ਪਹਿਲੀ ਜਨਵਰੀ ਤੋਂ ਲਾਗੂ ਹੋਣਾ ਹੈ। ਇਹ ਕਾਨੂੰਨ ਸਿਰਫ਼ ਭਾਰਤ ਨਾਲ ਲੱਗਦੀਆਂ ਹੱਦਾਂ ਲਈ ਨਹੀਂ ਹੈ। ਚੀਨ ਦੀ ਸਰਹੱਦ 14 ਮੁਲਕਾਂ ਨਾਲ ਲੱਗਦੀ ਹੈ ਤੇ ਇਨ੍ਹਾਂ ਨਾਲ ਇਹ 22,457 ਕਿਲੋਮੀਟਰ ਲੰਮੀ ਸਰਹੱਦ ਸਾਂਝੀ ਕਰਦਾ ਹੈ। ਮੰਗੋਲੀਆ ਤੇ ਰੂਸ ਤੋਂ ਬਾਅਦ ਸਭ ਤੋਂ ਲੰਮੀ ਸਰਹੱਦ ਚੀਨ ਭਾਰਤ ਨਾਲ ਸਾਂਝੀ ਕਰਦਾ ਹੈ। ਨਵੇਂ ਕਾਨੂੰਨ ਮੁਤਾਬਕ ਚੀਨ ਆਪਣੀਆਂ ਸਾਰੀਆਂ ਹੱਦਾਂ ਉਤੇ ਸੀਮਾਵਾਂ ਨੂੰ ਸਪੱਸ਼ਟ ਤੌਰ ਉਤੇ ਮਿੱਥੇਗਾ। -ਆਈਏਐਨਐੱਸ