ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 7 ਜੂਨ
ਇੱਥੇ ਪਾਵਕਰੌਮ ਤੇ ਟਰਾਂਸਕੋ ਦੇ ਮੁੱਖ ਦਫ਼ਤਰ ਸਾਹਮਣੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈੱਲਫੇਅਰ ਫੈਡਰੇਸ਼ਨ ਅਤੇ ਪੀਐੱਸਪੀਸੀਐੱਲ/ਪੀਐੱਸਟੀਸੀਐੱਲ ਵੱਲੋੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪਾਵਰਕੌਮ ’ਤੇ ਗਲਤ ਢੰਗ ਨਾਲ ਸੀਨੀਆਰਤਾ ਸੂਚੀਆਂ ਸੋਧੇ ਜਾਣ ਦੇ ਦੋਸ਼ ਲਾਉਂਦਿਆਂ ਇਨ੍ਹਾਂ ਸੂਚੀਆਂ ਨੂੰ ਰੱਦ ਕਰਨ, ਅਨੁਸੂਚਿਤ ਜਾਤੀ ਵਰਗ ਦੇ ਅਧਿਕਾਰੀਆਂ ਦੀਆਂ ਤਰੱਕੀਆਂ ਕਰਨ ਅਤੇ ਸੰਵਿਧਾਨ ਦੀ 85ਵੀਂ ਸੋੋਧ ਲਾਗੂ ਕੀਤੇ ਜਾਣ ’ਤੇ ਜ਼ੋਰ ਦਿੱਤਾ ਗਿਆ। ਰੋੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਂਥ, ਸੀਨੀਅਰ ਮੀਤ ਪ੍ਰਧਾਨ ਇੰਜਨੀਅਰ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਦੋਸ਼ ਲਾਇਆ ਕਿ ਪਾਵਰਕੌਮ ਵੱਲੋੋਂ ਸ਼ਰੇਆਮ ਪੰਜਾਬ ਸਰਕਾਰ ਦੀ ਰਾਖਵਾਂਕਰਨ ਨੀਤੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਅਨੁਸੂਚਿਤ ਜਾਤੀ ਵਰਗ ਦੇ ਕਰਮਚਾਰੀਆਂ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਪਾਵਰਕੌਮ ਮੈਨੇਜਮੈਂਟ ਤੋੋਂ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਅਨੁਸੂਚਿਤ ਜਾਤੀ ਵਰਗ ਦੇ ਕਰਮਚਾਰੀਆਂ ਦੀਆਂ ਕਥਿਤ ਗਲਤ ਢੰਗ ਨਾਲ ਸੋੋਧੀਆਂ ਗਈਆਂ ਸੀਨੀਆਰਤਾ ਸੂਚੀਆਂ ਨੂੰ ਰੱਦ ਕਰ ਕੇ ਅਨੁਸੂਚਿਤ ਜਾਤੀ ਵਰਗ ਦੇ ਕਰਮਚਾਰੀਆਂ ਨਾਲ ਇਨਸਾਫ਼ ਕੀਤਾ ਜਾਵੇ ਅਤੇ ਬਣਦੀਆਂ ਤਰੱਕੀਆਂ ਵੀ ਕੀਤੀਆਂ ਜਾਣ।
ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਨੇ ਵੀ ਪ੍ਰਗਟਾਇਆ ਰੋਸ
ਪਟਿਆਲਾ: ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੀਐੱਸਪੀਸੀਐੱਲ/ਪੀਐੱਸਟੀਸੀਐੱਲ ਯੂਨਿਟ ਵੱਲੋਂ ਇਕਾਈ ਪ੍ਰਧਾਨ ਕੁਲਜੀਤ ਸਿੰਘ ਰਟੋਲ ਅਤੇ ਸਕੱਤਰ ਜਨਰਲ ਸੁਖਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਦਿੱਤੇ ਗਏ ਰੋਸ ਧਰਨੇ ਦੌਰਾਨ ਪੀਐੱਸਪੀਸੀਐੱਲ ਵਿੱਚ ਵੱਖ ਵੱਖ ਕਾਡਰਾਂ ਦੀਆਂ ਤਰੱਕੀਆਂ ਕਰਾਉਣ ਦੀ ਮੰਗ ਕੀਤੀ ਗਈ। ਇੱਥੇ ਬਾਰ੍ਹਾਂਦਰੀ ਗਾਰਡਨ ਨੇੜੇ ਹੋਏ ਰੋਸ ਪ੍ਰਦਰਸ਼ਨ ਦੌਰਾਨ ਪੀਐੱਸਪੀਸੀਐੱਲ ਮੈਨੇਜਮੈਂਟ ’ਤੇ ਦੋਸ਼ ਲਗਾਇਆ ਕਿ ਕਲੈਰੀਕਲ ਤੇ ਅਕਾਊਂਟਸ ਕਾਡਰਾਂ ਦੀਆਂ ਆਸਾਮੀਆਂ ਖਾਲੀ ਹੋਣ ਦੇ ਬਾਵਜੂਦ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ। ਫੈਡਰੇਸ਼ਨ ਵਲੋਂ ਮੰਗ ਕੀਤੀ ਗਈ ਕਿ ਪਾਵਰਕੌਮ ਵਿਚ ਕਲੈਰੀਕਲ ਤੇ ਅਕਾਊਂਟਸ ਕਾਡਰਾਂ ਸਮੇਤ ਵੱਖ-ਵੱਖ ਕਾਡਰਾਂ ਦੀਆਂ ਖਾਲੀ ਆਸਾਮੀਆਂ ’ਤੇ ਬਣਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ, ਕੋਟੇ ਤੋਂ ਵੱਧ ਰਿਜ਼ਰਵੇਸ਼ਨ ਬੰਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ’ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਫੈਡਰੇਸ਼ਨ ਨੂੰ ਮੀਟਿੰਗ ਦਾ ਸਮਾਂ ਦੇਣ ਦੀ ਮੰਗ ਵੀ ਕੀਤੀ ਗਈ।