ਬਹਿਸ ਦਾ ਆਗਾਜ਼
ਡਾ. ਪਰਮਜੀਤ ਸਿੰਘ ਅਤੇ ਡਾ. ਪ੍ਰਗਟ ਸਿੰਘ ਦਾ ਲੇਖ ‘ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ’ (21 ਜਨਵਰੀ) ਪੰਜਾਬ ਦੇ ਖੇਤੀ ਸੰਕਟ ਅਤੇ ਕਿਸਾਨੀ ਅੰਦੋਲਨ ਬਾਰੇ ਹੋ ਰਹੇ ਪ੍ਰਚੱਲਿਤ ਵਿਸ਼ਲੇਸ਼ਣ ਦੀ ਵਿਗਿਆਨਕ ਨਜ਼ਰੀਏ ਤੋਂ ਵਿਆਖਿਆ ਕਰਦਾ ਹੈ। ਲਕੀਰ ਤੋਂ ਹਟ ਕੇ ਲਿਖਿਆ ਇਹ ਲੇਖ ਅਕਾਦਮਿਕ ਤੇ ਬੌਧਿਕ ਹਲਕਿਆਂ ਵਿਚ ਨਵੀਂ ਬਹਿਸ ਦਾ ਆਗਾਜ਼ ਹੈ। ਪੰਜਾਬ ਦੇ ਬਹੁਤੇ ਅਰਥ ਸ਼ਾਸਤਰੀਆਂ ਦੀ ਖੇਤੀ ਸੰਕਟ ਉੱਪਰ ਵਿਆਖਿਆ ਅਤੇ ਇਸ ਦੇ ਹੱਲ ਨੂੰ ਲੈ ਕੇ ਪਹੁੰਚ ਇਕੋ ਜਿਹੀ ਰਹੀ ਹੈ। ਇਹ ਲੇਖ ਪੰਜਾਬ ਲਈ ਚਿੰਤਤ ਚਿੰਤਕਾਂ, ਖੋਜਾਰਥੀਆਂ, ਸਮਾਜਿਕ ਤੇ ਰਾਜਨੀਤਕ ਕਾਰਕੁਨਾਂ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ।
ਡਾ. ਜਸਕਰਨ ਸਿੰਘ, ਫਗਵਾੜਾ
ਲੋੜ ਤੋਂ ਵੱਧ ਨਿਰਭਰਤਾ
22 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਇਕਬਾਲ ਸਿੰਘ ਬਰਾੜ ਦਾ ਲੇਖ ‘ਅਲੈਕਸਾ ਦਾ ਚੇਲਾ’ ਪ੍ਰੇਰਨਾਦਾਇਕ ਲੱਗਿਆ। ਅੱਜ ਦਾ ਦੌਰ ਬਦਲ ਗਿਆ ਹੈ। ਪਹਿਲਾਂ ਲੋਕਾਂ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਸੀ ਤਾਂ ਫਿਰ ਉਹ ਲਾਇਬਰੇਰੀ ਵਿਚ ਕਿਤਾਬਾਂ ਫ਼ਰੋਲਦੇ ਸਨ ਪਰ ਅੱਜ ਕੋਈ ਵੀ ਜਾਣਕਾਰੀ ਮਿੰਟਾਂ ਵਿਚ ਨੈੱਟ ਤੋਂ ਪ੍ਰਾਪਤ ਕਰ ਲੈਂਦੇ ਹਨ। ਉਂਝ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਲੋੜ ਤੋਂ ਵੱਧ ਨਿਰਭਰਤਾ ਨੁਕਸਾਨਦਾਇਕ ਹੋ ਸਕਦੀ ਹੈ।
ਰੁਪਿੰਦਰ ਕੌਰ, ਸੱਦੋ ਮਾਜਰਾ (ਫਤਿਹਗੜ੍ਹ ਸਾਹਿਬ)
ਸਮੇਂ ਦੀ ਸਚਾਈ
24 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਵਿਜੈ ਕੁਮਾਰ ਦਾ ਲੇਖ ‘ਡਰ’ ਪੜ੍ਹ ਕੇ ਇੰਝ ਲੱਗਿਆ ਕਿ ਇਹ ਮਹਿਜ਼ ਕਹਾਣੀ ਨਹੀਂ ਸਗੋਂ ਮੌਜੂਦਾ ਸਮੇਂ ਦੀ ਸਚਾਈ ਹੈ। ਲਿਖਤ ਵਿਚ ਰੰਗਸਾਜ਼ ਸਮੁੱਚੀ ਪੜ੍ਹੀ-ਲਿਖੀ, ਬੇਰੁਜ਼ਗਾਰ ਪੀੜ੍ਹੀ ਦੇ ਪ੍ਰਤੀਕ ਹਨ, ਜਿਨ੍ਹਾਂ ਨੂੰ ਸਿਸਟਮ ਦੀ ਮਾਰ ਝੱਲ ਕੇ ਆਪਣੇ ਜੀਵਨ ਵਿਚ ਉਹ ਕੰਮ ਕਰਨਾ ਪੈ ਰਿਹਾ ਹੈ ਜੋ ਉਨ੍ਹਾਂ ਦੀ ਪੜ੍ਹਾਈ ਨਾਲ ਮੇਲ ਨਹੀਂ ਖਾਂਦਾ। ਇਹ ਲੋਕ ਜਦੋਂ ਆਪਣੀ ਅਗਲੀ ਪੀੜ੍ਹੀ ਨੂੰ ਇਹ ਕਹਿਣਗੇ ਕਿ ਪੜ੍ਹੋ ਤਾਂ ਇਨ੍ਹਾਂ ਦੇ ਬੱਚੇ ਇਹ ਜ਼ਰੂਰ ਪੁੱਛਣਗੇ ਕਿ ਜਦ ਤੁਹਾਨੂੰ ਆਪਣੀ ਪੜ੍ਹਾਈ ਦਾ ਮੁੱਲ ਨਹੀਂ ਮਿਲਿਆ ਤਾਂ ਸਾਨੂੰ ਕੀ ਮਿਲੇਗਾ?
ਹਰਪ੍ਰੀਤ ਸਿੰਘ ਸਰਾਂ, ਪਿੰਡ ਚਕੇਰੀਆਂ (ਸਿਰਸਾ)
ਤਾਲਮੇਲ ਕਿੱਥੇ ਹੈ?
24 ਜਨਵਰੀ ਦੇ ਨਜ਼ਰੀਆ ਅੰਕ ਦੇ ਸੰਪਾਦਕੀ ‘ਕੋਵਿਡ ਬਾਰੇ ਅਸਪੱਸ਼ਟਤਾ’ ਪੜ੍ਹ ਕੇ ਕਰੋਨਾ ਬਾਰੇ ਸਰਕਾਰ ਅਤੇ ਸਿਹਤ ਵਿਭਾਗ ਵਿਚਕਾਰ ਤਾਲਮੇਲ ਦਾ ਸਹਿਜੇ ਹੀ ਪਤਾ ਲੱਗਾ। ਸਿਹਤ ਵਿਭਾਗ ਵਿਚ ਹੋਣ ਕਰਕੇ ਮੈਨੂੰ ਵੈਕਸੀਨੇਸ਼ਨ, ਸੈਂਪਲਿੰਗ ਦੀ ਸੁਪਰਵੀਜ਼ਨ ਕਰਨ ਦਾ ਮੌਕਾ ਮਿਲਦਾ ਹੈ ਅਤੇ ਕੋਵਿਡ ਪੀੜਤਾਂ ਦੀ ਪੈਰਵੀ ਕਰਨ ਦਾ ਵੀ। ਸਰਕਾਰ ਨੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਤਾਂ ਬੰਦ ਕਰ ਦਿੱਤੀਆਂ ਹਨ ਪਰ ਰੈਸਟੋਰੈਂਟ, ਆਇਲੈੱਟਸ ਸੈਂਟਰ, ਠੇਕੇ, ਜਿੰਮ ਆਦਿ ਖੁੱਲ੍ਹੇ ਹਨ। ਕੀ ਕਰੋਨਾ ਚੋਣਵੀਆਂ ਥਾਵਾਂ ’ਤੇ ਆਉਂਦਾ ਹੈ। 20 ਜਨਵਰੀ ਨੂੰ ਜਵਾਂ ਤਰੰਗ ਅੰਕ ਵਿਚ ਹਰਮੀਤ ਸਿਵੀਆ ਬਠਿੰਡਾ ਦਾ ਲੇਖ ‘ਨੌਜਵਾਨਾਂ ਲਈ ਕਿਤਾਬਾਂ ਦੀ ਅਹਿਮੀਅਤ’ ਵਧੀਆ ਲੱਗਿਆ। ਕਿਤਾਬਾਂ ਵਧੀਆ ਦੋਸਤ ਹੋ ਨਿੱਬੜਦੀਆਂ ਹਨ। ਇਹ ਮਨੁੱਖ ਦੀ ਜ਼ਿੰਦਗੀ ਬਦਲਣ ਦੇ ਸਮਰੱਥ ਹੁੰਦੀਆਂ ਹਨ।
ਜਗਤਾਰ ਸਿੰਘ ਸਿੱਧੂ, ਅਮਰਗੜ੍ਹ (ਮਲੇਰਕੋਟਲਾ)
ਸਿਹਤ ਅਤੇ ਜਾਗਰੂਕਤਾ
25 ਜਨਵਰੀ ਨੂੰ ਕਮਲੇਸ਼ ਉੱਪਲ ਦਾ ਲੇਖ ‘ਕਿਵੇਂ ਭਜਾਈਏ ਵਾਇਰਸ’ ਸਾਨੂੰ ਵਿਰਸੇ ਨਾਲ ਜੋੜਨ ਵਾਲਾ ਸੀ। ਸਾਨੂੰ ਆਪਣਾ ਪੁਰਾਣਾ ਖਾਣ ਪੀਣ ਅਪਣਾਉਣ ਅਤੇ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਕਰੋਨਾ ਵਰਗੇ ਵਾਇਰਸ ਆਉਂਦੇ ਰਹਿਣਗੇ, ਸਾਨੂੰ ਆਪਣੀ ਅੰਦਰਲੀ ਸੁਰੱਖਿਆ ਮਜ਼ਬੂਤ ਕਰਨ ਦੀ ਲੋੜ ਹੈ। 25 ਜਨਵਰੀ ਦਾ ਮਿਡਲ ‘ਚੋਣਾਂ ਵਾਲੀ ਰਾਤ’ ਡਾਕਟਰ ਜਸਵੰਤ ਰਾਏ ਦਾ ਨਿੱਜੀ ਤਜਰਬੇ ’ਚੋਂ ਨਿਕਲਿਆ ਅਹਿਸਾਸ ਸੀ। 21 ਜਨਵਰੀ ਨੂੰ ਬਲਜਿੰਦਰ ਜੋੜਕੀਆਂ ਦਾ ਲੇਖ ‘ਬਾਲ ਵਿਕਾਸ ਲਈ ਸਕੂਲ ਦੀ ਸਰਵ-ਵਿਆਪਕ ਭੂਮਿਕਾ’ ਤਾਰੀਫ਼ ਦੇ ਕਾਬਿਲ ਸੀ।
ਰਾਮ ਪ੍ਰਕਾਸ਼, ਬੁਢਲਾਡਾ (ਜ਼ਿਲ੍ਹਾ ਮਾਨਸਾ)
ਅਮੀਰਾਂ ਦਾ ਪੱਖ ਪੂਰਿਆ
ਸੰਪਾਦਕੀ ‘ਸਿਖ਼ਰ ਛੂਹ ਰਹੀ ਨਾ-ਬਰਾਬਰੀ’ (18 ਜਨਵਰੀ) ਵਿਚ ਔਕਸਫੈਮ ਦੀ ਰਿਪੋਰਟ ਬਾਰੇ ਪੜ੍ਹ ਕੇ ਹੈਰਾਨੀ ਹੋਈ ਕਿ ਕਰੋਨਾ ਮਹਾਮਾਰੀ ਦੌਰਾਨ ਜਿੱਥੇ ਆਮ ਲੋਕਾਂ ਨੇ ਹਰ ਪੱਖੋਂ ਸੰਤਾਪ ਭੋਗਿਆ, ਜਾਨੀ ਤੇ ਮਾਲੀ ਨੁਕਸਾਨ ਝੱਲਿਆ; ਉੱਥੇ ਕਾਰਪੋਰੇਟਾਂ ਨੇ ਆਪਣੀ ਆਮਦਨ ’ਚ ਦੁੱਗਣੇ ਤੋਂ ਵੀ ਵੱਧ ਕਮਾਇਆ। ਸਰਕਾਰ ਨੇ ਉੱਪਰੋਂ ਕਾਰਪੋਰੇਟ ਟੈਕਸ 30 ਫ਼ੀਸਦੀ ਤੋਂ ਘਟਾ ਕੇ 22 ਫ਼ੀਸਦੀ ਕਰ ਦਿੱਤਾ ਤੇ ਕੰਪਨੀ ਟੈਕਸ 25 ਫ਼ੀਸਦੀ ਤੋਂ ਘਟਾ ਕੇ 15 ਫ਼ੀਸਦੀ ਕਰ ਦਿੱਤਾ, ਭਾਵ ਅਮੀਰਾਂ ਦਾ ਹੀ ਪੱਖ ਪੂਰਿਆ। ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਧਾ ਕੇ ਆਮ ਜਨਤਾ ਦਾ ਕਚੂੰਮਰ ਕੱਢਿਆ। ਠੀਕ ਲਿਖਿਆ ਹੈ ਕਿ ਸਰਕਾਰ ਨੂੰ ਲੋਕ-ਪੱਖੀ ਨੀਤੀਆਂ ਬਣਾਉਣ ਲਈ ਮਜਬੂਰ ਕੀਤਾ ਜਾਵੇ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)
ਹਕੀਕਤ
14 ਜਨਵਰੀ ਦੇ ਅੰਕ ’ਚ ਸ਼ਿਵੰਦਰ ਕੌਰ ਦਾ ਮਿਡਲ ‘ਸ਼ਰਧਾ’ ਹਕੀਕਤ ਬਿਆਨ ਕਰਨ ਵਾਲਾ ਸੀ। ਬਹੁਗਿਣਤੀ ਸਿਆਸੀ ਆਗੂਆਂ ਨੇ ਲੋਕਾਂ ਦੀ ਸੋਚ ਅੰਧਵਿਸ਼ਵਾਸ ਵਾਲੀ ਬਣਾਉਣ ’ਚ ਹੀ ਹਿੱਸਾ ਪਾਇਆ ਹੈ। ਤਰਕ ਦੇ ਆਧਾਰ ’ਤੇ ਸੱਚੀ ਗੱਲ ਕਹਿਣ ਵਾਲੇ ਬੰਦੇ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਕੇਸਾਂ ’ਚ ਉਲਝਣਾ ਪੈ ਜਾਂਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਅੰਦਰੂਨੀ ਜਮਹੂਰੀਅਤ
19 ਜਨਵਰੀ ਦਾ ਸੰਪਾਦਕੀ ‘ਅੰਦਰੂਨੀ ਜਮਹੂਰੀਅਤ ਦਾ ਮਸਲਾ’ ਅੱਜ ਦੇ ਪ੍ਰਸੰਗ ਵਿਚ ਬਹੁਤ ਅਹਿਮ ਹੈ। ਆਮ ਆਦਮੀ ਪਾਰਟੀ ਨੇ ਵੱਖ ਵੱਖ ਪੜਾਵਾਂ ਰਾਹੀਂ ਲੰਘਦਿਆਂ ਜਿਸ ਕਦਰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਹੈ, ਉਸ ਨਾਲ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ। ਜਮਹੂਰੀਅਤ ਨਾਲ ਪਾਰਟੀ ਚਲਾਉਣੀ ਹਰ ਲੀਡਰ ਦੇ ਵਸ ਦਾ ਰੋਗ ਨਹੀਂ। ਸਾਰਿਆਂ ਦੀ ਰਾਇ ਦੀ ਕਦਰ ਕਰਨੀ ਅਤੇ ਸੰਤੁਲਿਤ ਫ਼ੈਸਲੇ ਕਰਨ ਲਈ ਜਿਗਰਾ ਚਾਹੀਦਾ ਹੈ। ਸਿਆਸੀ ਪਾਰਟੀਆਂ ਦਾ ਸੁਭਾਅ ਉਸ ਲੀਡਰ ਦੇ ਦੁਆਲੇ ਘੁੰਮਣ ਲੱਗ ਜਾਂਦਾ ਹੈ ਜਿਹੜਾ ਜਿਤਾ ਸਕਦਾ ਹੈ। ਪਾਰਟੀਆਂ ਵਿਚ ਜਮਹੂਰੀਅਤ ਤੋਂ ਅਰਧ-ਤਾਨਾਸ਼ਾਹੀ ਦਾ ਸਫ਼ਰ ਭਾਰਤੀ ਲੋਕ ਰਾਜ ਲਈ ਸਿਹਤਮੰਦ ਨਹੀਂ। 10 ਜਨਵਰੀ ਦਾ ਸੰਪਾਦਕੀ ‘ਲੋਕ ਨਿਰਣੇ ਦੀ ਹਾਰ’ ਭਾਰਤੀ ਲੋਕ ਰਾਜ ਦੀ ਗੱਲ੍ਹ ’ਤੇ ਉਹ ਹੰਝੂ ਹੈ ਜਿਸ ਨੂੰ ਅਸੀਂ ਪੂੰਝਣ ਲਈ ਤਤਪਰ ਹੀ ਨਹੀਂ ਹਾਂ, ਸੰਵੇਦਨਸ਼ੀਲ ਵੀ ਨਹੀਂ ਹਾਂ। ਚੰਡੀਗੜ੍ਹ ਵਰਗੇ ਆਧੁਨਿਕ ਸ਼ਹਿਰ ਵਿਚ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਮੇਅਰ ਦੀ ਚੋਣ ਲਈ ਜੋ ਕੁਝ ਵਾਪਰਿਆ, ਉਹ ਭਾਰਤੀ ਲੋਕਰਾਜ ਦੀਆਂ ਪੀੜਾਂ ਦਾ ਗਵਾਹ ਹੈ। ਇਸ ਤੋਂ ਪਹਿਲਾਂ ਕਰਨੈਲ ਸਿੰਘ ਸੋਮਲ ਦਾ 8 ਜਨਵਰੀ ਵਾਲਾ ਲੇਖ ‘ਪਛਾਣ ਗੁਆਚਣ ਦਾ ਡਰ’ (ਸਤਰੰਗ) ਪੜ੍ਹ ਕੇ ਮਹਿਸੂਸ ਹੋਇਆ ਕਿ ਲੇਖਕ ਆਪਣੇ ਆਲੇ ਦੁਆਲੇ ਦੇ ਬਚਪਨ ਵਿਚ ਦੇਖੇ ਦ੍ਰਿਸ਼ਾਂ ਨੂੰ ਵੈਰਾਗ਼ਮਈ ਰੂਪ ਵਿਚ ਚਿਤਰ ਰਿਹਾ ਹੈ ਪਰ ਸਮਾਂ ਪਿਛਾਂਹ ਨਹੀਂ ਮੁੜ ਸਕਦਾ। ਨਵੇਂ ਸੰਗ ਜੀਣਾ ਤਾਂ ਹੁੰਦਾ ਹੀ ਹੈ, ਉਂਝ ਬੀਤੇ ਸਮੇਂ ਦੀਆਂ ਦਿਲ ਲੁਭਾਉਣੀਆਂ ਯਾਦਾਂ ਅੱਜ ਦੇ ਸਮੇਂ ਨੂੰ ਇਤਿਹਾਸ ਦੇ ਪਿਛੋਕੜ ਵਿਚ ਸਮਝਾ ਦਿੰਦੀਆਂ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ