ਨਵੀਂ ਦਿੱਲੀ, 16 ਮਾਰਚ
ਰੇਲ ਮੰਤਰੀ ਪਿਊਸ਼ ਗੋਇਲ ਨੇ ਅੱਜ ਸਪੱਸ਼ਟ ਕੀਤਾ ਕਿ ਰੇਲਵੇ ਭਾਰਤ ਦੀ ਸੰਪਤੀ ਹੈ ਅਤੇ ਉਸ ਦਾ ਕਦੀ ਵੀ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਮੁਸਾਫਰਾਂ ਨੂੰ ਬਿਹਤਰ ਸਹੂਲਤਾਂ ਮਿਲਣ, ਰੇਲਵੇ ਰਾਹੀਂ ਅਰਥਚਾਰੇ ਨੂੰ ਮਜ਼ਬੂਤੀ ਮਿਲੇ, ਅਜਿਹੇ ਕਾਰਜਾਂ ਲਈ ਨਿੱਜੀ ਖੇਤਰ ਦਾ ਨਿਵੇਸ਼ ਦੇਸ਼ ਦੇ ਹਿੱਤ ’ਚ ਹੋਵੇਗਾ। ਲੋਕ ਸਭਾ ’ਚ ਸਾਲ 2021-22 ਲਈ ਰੇਲ ਮੰਤਰਾਲੇ ਦੇ ਫੰਡਾਂ ਦੀਆਂ ਮੰਗਾਂ ਬਾਰੇ ਚਰਚਾ ’ਤੇ ਜਵਾਬ ਦਿੰਦਿਆਂ ਪਿਊਸ਼ ਗੋਇਲ ਨੇ ਕਿਹਾ, ‘ਦੁੱਖ ਦੀ ਗੱਲ ਇਹ ਹੈ ਕਿ ਕਈ ਸੰਸਦ ਮੈਂਬਰ ਨਿੱਜੀਕਰਨ ਤੇ ਕਾਰਪੋਰੇਟੀਕਰਨ ਦਾ ਦੋਸ਼ ਲਗਾਉਂਦੇ ਹਨ। ਭਾਰਤੀ ਰੇਲਵੇ ਦਾ ਕਦੀ ਵੀ ਨਿੱਜੀਕਰਨ ਨਹੀਂ ਹੋਵੇਗਾ।’ ਉਨ੍ਹਾਂ ਕਿਹਾ, ‘ਮੈਂ ਭਰੋਸਾ ਦਿਵਾਉਂਦਾ ਹਾਂ ਕਿ ਰੇਲਵੇ ਭਾਰਤ ਦੀ ਸੰਪਤੀ ਹੈ ਅਤੇ ਉਸ ਦਾ ਕਦੀ ਵੀ ਨਿੱਜੀਕਰਨ ਨਹੀਂ ਹੋਵੇਗਾ।’
ਜ਼ਿਕਰਯੋਗ ਹੈ ਕਿ ਬੀਤੇ ਦਿਨ ਚਰਚਾ ਦੌਰਾਨ ਕਾਂਗਰਸ ਦੇ ਜਸਬੀਰ ਸਿੰਘ ਗਿੱਲ, ਆਈਯੂਐੱਮਐੱਲ ਦੇ ਈਟੀ ਮੁਹੰਮਦ ਬਸ਼ੀਰ ਸਮੇਤ ਕੁਝ ਹੋਰਨਾਂ ਮੈਂਬਰਾਂ ਨੇ ਰੇਲਵੇ ਦੇ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਸਬੰਧੀ ਟਿੱਪਣੀ ਕੀਤੀ ਸੀ। ਰੇਲ ਮੰਤਰੀ ਨੇ ਕਿਹਾ ਕਿ ਸੜਕਾਂ ਵੀ ਸਰਕਾਰ ਨੇ ਬਣਵਾਈਆਂ ਹਨ ਤਾਂ ਕੋਈ ਕਹਿੰਦਾ ਹੈ ਕਿ ਇਸ ’ਤੇ ਸਿਰਫ਼ ਸਰਕਾਰੀ ਗੱਡੀਆਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਹਰ ਤਰ੍ਹਾਂ ਦੇ ਵਾਹਨ ਚੱਲਦੇ ਹਨ ਤਾਂ ਹੀ ਪ੍ਰਗਤੀ ਹੁੰਦੀ ਹੈ ਅਤੇ ਤਾਂ ਹੀ ਸਾਰਿਆਂ ਨੂੰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਤਾਂ ਕੀ ਰੇਲਵੇ ’ਚ ਅਜਿਹਾ ਨਹੀਂ ਹੋਣਾ ਚਾਹੀਦਾ? ਕੀ ਮੁਸਾਫ਼ਰਾਂ ਨੂੰ ਚੰਗੀਆਂ ਸਹੂਲਤਾਂ ਨਹੀਂ ਮਿਲਣੀਆਂ ਚਾਹੀਦੀਆਂ ਉਨ੍ਹਾਂ ਕਿਹਾ ਕਿ ਢੋਆ-ਢੁਆਈ ਵਾਲੀਆਂ ਰੇਲ ਗੱਡੀਆਂ ਚੱਲਣ ਅਤੇ ਇਸ ਲਈ ਜੇਕਰ ਨਿੱਜੀ ਖੇਤਰ ਨਿਵੇਸ਼ ਕਰਦਾ ਹੈ ਤਾਂ ਕੀ ਇਸ ’ਤੇ ਵਿਚਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ ਰੇਲਵੇ ’ਚ ਲਿਫਟ, ਐਸਕੇਲੇਟਰ ਤੇ ਹੋਰ ਸਹੂਲਤਾਂ ਵਧਾਉਣ ਦੀ ਦਿਸ਼ਾ ’ਚ ਵੱਡੇ ਕੰਮ ਕੀਤੇ ਗਏ ਹਨ। -ਪੀਟੀਆਈ