ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਫਰਵਰੀ
ਨਗਰ ਕੌਂਸਲ ਚੋਣ ਦੌਰਾਨ ਕਾਂਗਰਸੀਆਂ ਵੱਲੋਂ ਪੁਲੀਸ ਨਾਲ ਮਿਲ ਕੇ ਬੂਥਾਂ ’ਤੇ ਕਬਜ਼ੇ ਕਰਨ ਅਤੇ ਪਾਰਟੀ ਦੇ ਉਮੀਦਵਾਰਾਂ ਦੀ ਕੁੱਟਮਾਰ ਕਰਨ ਖ਼ਿਲਾਫ਼ ਅਕਾਲੀ ਦਲ ਨੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਥਾਣੇ ਅੱਗੇ ਧਰਨਾ ਦਿੱਤਾ।
ਸ੍ਰੀ ਗਰਗ ਨੇ ਕਿਹਾ ਕਿ ਨਗਰ ਕੌਂਸਲ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਗੁੰਡਿਆਂ ਵੱਲੋਂ ਪੁਲੀਸ ਨਾਲ ਮਿਲ ਕੇ ਵੱਖ-ਵੱਖ ਵਾਰਡਾਂ ਦੇ ਬੂਥਾਂ ’ਤੇ ਕਬਜ਼ੇ ਕੀਤੇ ਗਏ ਤੇ ਜਾਅਲੀ ਵੋਟਾਂ ਪਵਾਈਆਂ ਗਈਆਂ ਅਤੇ ਪਾਰਟੀ ਉਮੀਦਵਾਰਾਂ ਦੀ ਕੁੱਟਮਾਰ ਕੀਤੀ ਗਈ। ਵਾਰਡ ਨੰਬਰ-8 ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਦੀ ਬੂਥ ’ਤੇ ਹੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪੱਗ ਲਾਹ ਦਿੱਤੀ ਤੇ ਪੁਲੀਸ ਨੇ ਉਸ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ। ਸ੍ਰੀ ਗਰਗ ਨੇ ਕਿਹਾ ਕਿ ਇਸੇ ਤਰ੍ਹਾਂ ਵਾਰਡ ਨੰਬਰ ਨੰਬਰ-3, 4 ਤੇ 11 ਸਣੇ ਹੋਰਨਾਂ ਵਾਰਡਾਂ ਵਿੱਚ ਵੀ ਧੱਕੇਸ਼ਾਹੀ ਕੀਤੀ ਗਈ।
ਪਹਿਲਾਂ ਆਮ ਆਦਮੀ ਪਾਰਟੀ ਦੀ ਆਗੂ ਨਰਿੰਦਰ ਕੌਰ ਭਰਾਜ ਨੇ ਬੂਥ ਸਾਹਮਣੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿੱਚ ਅਕਾਲੀ ਦਲ ਨੇ ਥਾਣੇ ਅੱਗੇ ਕਾਕੜਾ ਰੋਡ ’ਤੇ ਧਰਨਾ ਲਗਾ ਦਿੱਤਾ। ਇਸੇ ਦੌਰਾਨ ਅਕਾਲੀ ਉਮੀਦਵਾਰ ਗੁਰਮੀਤ ਸਿੰਘ ਨੂੰ ਥਾਣੇ ਵਿੱਚੋਂ ਡੀਐਸਪੀ ਸੁਖਰਾਜ ਸਿੰਘ ਘੁੰਮਣ ਰਿਹਾਅ ਕਰਵਾ ਕੇ ਧਰਨੇ ਵਿੱਚ ਛੱਡ ਗਏ।
ਗੁਰਮੀਤ ਸਿੰਘ ਨੇ ਕਿਹਾ ਕਿ ਉਸ ਦੀ ਕੁੱਟਮਾਰ ਤੇ ਪੱਗ ਦੀ ਬੇਅਦਬੀ ਕੀਤੀ ਗਈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਐਸਐਚਓ ਭਵਾਨੀਗੜ੍ਹ ਨੂੰ ਮੁਅੱਤਲ ਕੀਤਾ ਜਾਵੇ ਅਤੇ ਵਾਰਡ ਨੰਬਰ-8 ਦੀ ਚੋਣ ਰੱਦ ਕੀਤੀ ਜਾਵੇ। ਦੂਜੇ ਪਾਸੇ ਕਾਂਗਰਸੀ ਉਮੀਦਵਾਰਾਂ ਨੇ ਦੋਸ਼ ਨਕਾਰੇ।
ਕਾਂਗਰਸ ਤੇ ਭਾਜਪਾ ਸਮਰਥਕਾਂ ਵਿਚਾਲੇ ਝੜਪਾਂ
ਬਟਾਲਾ (ਦਲਬੀਰ ਸੱਖੋਵਾਲੀਆ): ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਤੇ ਭਾਜਪਾ ਅਤੇ ਕਾਂਗਰਸੀ ਸਮਰਥਕਾਂ ਦੀਆਂ ਆਪਸ ਵਿੱਚ ਝੜਪਾਂ ਹੋਈਆਂ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਰੇਸ਼ ਭਾਟੀਆ ਨੂੰ ਸੱਟਾਂ ਲੱਗੀਆਂ। ਵਿਰੋਧੀ ਧਿਰ ਦੇ ਉਮੀਦਵਾਰਾਂ ਵਲੋਂ ਕਾਂਗਰਸ ਸਮਰਥਕਾਂ ’ਤੇ ਜਾਅਲੀ ਵੋਟਾਂ ਭੁਗਤਾਉਣ ਦੇ ਦੋਸ਼ ਵੀ ਲਾਏ ਗਏ। ਜਾਣਕਾਰੀ ਅਨੁਸਾਰ ਅੱਜ ਬਟਾਲਾ ਵਿੱਚ ਕੁਝ ਬੂਥਾਂ ਨੂੰ ਛੱਡ ਕੇ ਨਗਰ ਨਿਗਮ ਚੋਣਾਂ ਸ਼ਾਂਤਮਈ ਨੇਪਰੇ ਚੜ੍ਹੀਆਂ ਪਰ ਇੱਥੋਂ ਦੇ ਵਾਰਡ ਨੰਬਰ-34 ’ਤੇ ਕਾਂਗਰਸ ਦੇ ਦੋ ਧੜਿਆਂ ਦਰਮਿਆਨ ਗਰਮਾ-ਗਰਮੀ ਹੋਣ ’ਤੇ ਕਾਂਗਰਸੀ ਵਰਕਰ ਦੀ ਪੱਗ ਵੀ ਲੱਥ ਗਈ। ਇਸ ਵਾਰਡ ਤੋਂ ਕਾਂਗਰਸ ਦੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਭੈਣ ਚੋਣ ਲੜ ਰਹੀ ਹੈ ਜਦੋਂਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕਰੀਬੀ ਹਰਿੰਦਰ ਸਿੰਘ ਕਲਸੀ ਆਜ਼ਾਦ ਚੋਣ ਲੜ ਰਹੇ ਹਨ। ਪਤਾ ਲੱਗਾ ਹੈ ਕਿ ਸ੍ਰੀ ਸੇਖੜੀ ਦੇ ਕਰੀਬੀ ਸ਼ੈਂਟੀ ’ਤੇ ਡੰਡੇ ਤੇ ਸੋਟੇ ਲੈ ਕੇ ਆਉਣ ਦੇ ਦੋਸ਼ ਲੱਗੇ ਹਨ ਜਦਕਿ ਸ਼ੈਂਟੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਵਾਰਡ ਨੰਬਰ 40 ’ਤੇ ਕਾਂਗਰਸ ਅਤੇ ਭਾਜਪਾ ਵਰਕਰਾਂ ਦਰਮਿਆਨ ਤਿੱਖੀ ਝਪੜ ਹੋਈ। ਇਸ ਘਟਨਾ ਵਿੱਚ ਭਾਜਪਾ ਦੇ ਸੁਰੇਸ਼ ਭਾਟੀਆ ਦੇ ਸਿਰ ਵਿੱਚ ਸੱਟਾਂ ਲੱਗੀਆਂ। ਜਾਣਕਾਰ ਦੱਸਦੇ ਹਨ ਕਿ ਨਗਰ ਦੇ ਇੱਕ ਬੂਥ ’ਤੇ ਤਾਂ ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਦਰਮਿਆਨ ਸਵੇਰੇ ਸਾਢੇ ਸੱਤ ਵਜੇ ਹੀ ਕੁੱਟਮਾਰ ਦੀ ਖਬਰ ਮਿਲੀ ਸੀ।