ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
‘ਹਾਸੇ ਦੇ ਪਤਾਸੇ’ (ਲੇਖਿਕਾ: ਗਿਆਨ ਕੌਰ ਬੜਾ ਪਿੰਡ, ਕੀਮਤ: 200 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਹਾਸ ਵਿਅੰਗ ਸੰਗ੍ਰਹਿ ਹੈ। ਪੁਸਤਕ ਵਿਚ 17 ਵਾਰਤਕ ਵਿਅੰਗ ਰਚਨਾਵਾਂ ਹਨ ਜੋ ਸਮਾਜਿਕ ਸਿਆਸੀ ਵਿਵਸਥਾ ਨੂੰ ਉਘਾੜਦੀਆਂ ਹਨ। ਗਿਆਨ ਕੌਰ ਦੇ ਹੁਣ ਪੁਸਤਕ ਵਿਚ ਛਪੇ ਵਿਅੰਗ ਲੇਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਉੱਘੇ ਵਿਅੰਗਕਾਰ ਸਮਰਾਟ ਕੇ.ਐਲ. ਗਰਗ ਨੇ ਪੁਸਤਕ ਦੀ ਭੂਮਿਕਾ ਲਿਖੀ ਹੈ। ਉਨ੍ਹਾਂ ਲਿਖਿਆ ਹੈ ਕਿ ਇਹ ਵਿਅੰਗ ਕਿਸੇ ਨੂੰ ਦੁਖੀ ਕਰਨ ਵਾਲੇ ਨਹੀਂ ਹਨ। ਪੜ੍ਹ ਕੇ ਪਾਠਕ ਦੇ ਚਿਹਰੇ ’ਤੇ ਮੁਸਕਾਨ ਆ ਜਾਂਦੀ ਹੈ। ਇਹ ਵਿਅੰਗ ਸਮਾਜਿਕ ਤਸਵੀਰ ਹਨ। ਪਾਤਰਾਂ ਦੇ ਆਪਸੀ ਸੰਵਾਦ ਵਿਚੋਂ ਵਿਅੰਗ ਉਭਰਦਾ ਹੈ। ਲੇਖਿਕਾ ਸਮਾਜ ਨੂੰ ਆਪਣੀ ਹਾਸਰਸੀ ਮੱਲ੍ਹਮ ਨਾਲ ਸਿਹਤਮੰਦ ਤੇ ਸੋਹਣਾ ਬਣਾਉਣਾ ਚਾਹੁੰਦੀ ਹੈ। ਉਸ ਨੇ ਅਨੈਤਿਕ ਕੰਮ ਕਰਦੇ ਪਾਤਰਾਂ ’ਤੇ ਚੋਟ ਕੀਤੀ ਹੈ। ਸਿਆਤਦਾਨਾਂ ਦੀ ਵੀ ਖਿੱਲੀ ਉਡਾਈ ਹੈ। ਇਕ ਰਚਨਾ ਹੈ ਅਤਿਵਾਦੀ। ਸਕੂਲ ਮੁਖੀ ਮੈਡਮ ਵਾਰੀ ਸਿਰ ਸਕੂਲ ਅਧਿਆਪਕਾਵਾਂ ਨੂੰ ਦਫ਼ਤਰ ਵਿਚ ਬੁਲਾ ਕੇ ਉਨ੍ਹਾਂ ਦੇ ਪਤੀ ਦੇ ਕਾਰੋਬਾਰ ਬਾਰੇ ਪੁੱਛਦੀ ਹੈ। ਕਹਿੰਦੀ ਹੈ ਕਿ ਮੇਰੀ ਕੋਠੀ ਬਣ ਰਹੀ ਹੈ ਉਹਦੇ ਲਈ ਸੀਮੈਂਟ ਬਜਰੀ ਚਾਹੀਦੀ ਹੈ। ਕਿਸੇ ਨੂੰ ਹੁਕਮ ਕਰਦੀ ਹੈ ਕਿ ਉਹ ਮਹੂਰਤ ਵਾਲੇ ਦਿਨ ਲਈ ਘੀ, ਕਣਕ ਤੇ ਹੋਰ ਸਾਮਾਨ ਲਿਆ ਦੇਵੇ। ਇਕ ਮੈਡਮ ਤੋਂ ਉਹ ਸਕੂਲੀ ਪ੍ਰੀਖਿਆਵਾਂ ਸਮੇਂ ਡਿਊਟੀ ਸਟਾਫ ਲਈ ਕਾਜੂ ਬਦਾਮਾਂ ਦਾ ਹਿਸਾਬ ਮੰਗਦੀ ਹੈ। ਬਚਿਆ ਸਾਮਾਨ ਵੀ ਦੇਣ ਨੂੰ ਕਹਿੰਦੀ ਹੈ। ਉਸ ਦੀ ਗੱਲ ਸੁਣ ਕੇ ਮੁਖੀ ਮੈਡਮ ਤੈਸ਼ ਵਿਚ ਆ ਜਾਂਦੀ ਹੈ। ਉਹ ਵਿਭਾਗ ਨੂੰ ਇਨ੍ਹਾਂ ਅਧਿਆਪਕਾਵਾਂ ਨੂੰ ਅਤਿਵਾਦੀ ਕਹਿ ਕੇ ਸ਼ਿਕਾਇਤ ਭੇਜਣ ਲਈ ਸਕੂਲ ਕਲਰਕ ਨੂੰ ਹੁਕਮ ਕਰਦੀ ਹੈ। ਜੇ ਮੁਖੀ ਮੈਡਮ, ਆਪਣੇ ਸਕੂਲ ਦੀਆਂ ਅਧਿਆਪਕਾਵਾਂ ਲਈ ਕੋਈ ਹੋਰ ਢੁਕਵਾਂ ਸ਼ਬਦ ਲਿਖਦੀ ਤਾਂ ਠੀਕ ਸੀ। ਅਤਿਵਾਦੀ ਸ਼ਬਦ ਜਚਦਾ ਨਹੀਂ, ਨਾ ਹੀ ਇਸ ਸ਼ਬਦ ਦਾ ਹਾਸਰਸ ਨਾਲ ਕੋਈ ਸਰੋਕਾਰ ਹੈ। ਨੌਕਰੀ ਦੀ ਤਲਾਸ਼ ਵਿਚ ਅਖੌਤੀ ਲੀਡਰਾਂ ਦੇ ਵਿਵਹਾਰ ’ਤੇ ਵਿਅੰਗ ਕੀਤਾ ਹੈ। ਜੋਤਿਸ਼ ਵਿਅੰਗ ਵਿਚ ਇਕ ਬੰਦਾ ਝੂਠੇ ਸੱਚੇ ਹਿਸਾਬ ਲਾ ਕੇ ਬੀਬੀਆਂ ਦੀ ਤਸੱਲੀ ਕਰਵਾ ਰਿਹਾ ਹੈ। ਔਰਤਾਂ ਦੇ ਅਨੋਖੇ ਜਿਹੇ ਸਵਾਲ ਆਪਣੇ ਆਪ ਵਿਚ ਹੀ ਵਿਅੰਗਮਈ ਹਨ।
ਵਿਅੰਗ ਪੇਇੰਗ ਗੈਸਟ, ਕਰਿਸ਼ਮੇਂ ਗਾਜਰਾਂ ਦੇ, ਆਖਰੀ ਪਰਚਾ, ਬਾਬਾ ਵੈਦ ਰੋਗੀਆਂ ਦਾ, ਤੁਰੰਤ ਬਦਲੀਆਂ, ਇਹ ਉਹੀ ਹੈ ਆਦਿ ਲੋਕ ਆਚਰਣ ਵਿਚ ਅੰਧ-ਵਿਸ਼ਵਾਸੀ ਲੋਕਾਂ ’ਤੇ ਤਿੱਖੇ ਵਿਅੰਗ ਹਨ। ਵਿਅੰਗ ਸੜਕ ਬੋਲਦੀ ਗਈ ਵਿਚ ਸੜਕ ਆਪਣੇ ਉਪਰ ਹੁੰਦੇ ਹਾਦਸਿਆਂ ਦੀ ਸਵੈ-ਕਥਨ ਵਿਚ ਸਾਰੀ ਗਾਥਾ ਪੇਸ਼ ਕਰਦੀ ਹੈ। ਇਸ ਵਿਚ ਸੜਕੀ ਵਾਹਨ ਚਾਲਕਾਂ ਦੀਆਂ ਲਾਪਰਵਾਹੀਆਂ ਦਾ ਵਿਅੰਗਮਈ ਜ਼ਿਕਰ ਹੈ। ਪੜ੍ਹ ਕੇ ਪਾਠਕ ਮੁਸਕਰਾਉਂਦਾ ਵੀ ਹੈ ਤੇ ਸੜਕ ਹਾਦਸਿਆਂ ਬਾਰੇ ਸੋਚਦਾ ਵੀ ਹੈ। ਹੋਰ ਰਚਨਾਵਾਂ ਵਿਚ ਕਾਲਜ ਪਾੜ੍ਹਿਆਂ ਦੀਆਂ ਆਪਹੁਦਰੀਆਂ, ਕੰਡਕਟਰਾਂ ਦਾ ਸਵਾਰੀਆਂ ਨਾਲ ਵਿਹਾਰ ਤੇ ਹੋਰ ਕਈ ਕੁਝ ਹੈ। ਲੇਖਿਕਾ ਨੇ ਪੁਸਤਕ ਹਰਮਨ ਸਿੰਘ ਸਿੱਧੂ ਨੂੰ ਸਮਰਪਿਤ ਕੀਤੀ ਹੈ। ਚੰਡੀਗੜ੍ਹ ਵਾਸੀ ਇਸ ਵਿਅਕਤੀ ਬਾਰੇ ਪੁਸਤਕ ਵਿਚ ਜਾਣਕਾਰੀ ਦਿੱਤੀ ਹੈ। ਸੜਕ ਸੁਰੱਖਿਆ ਖੇਤਰ ਵਿਚ ਉਸ ਦਾ ਉੱਘਾ ਯੋਗਦਾਨ ਹੈ। ਲੇਖਿਕਾ ਨੇ ਉਸ ਦੀ ਹਿੰਮਤ ਨੂੰ ਸਿਜਦਾ ਕੀਤਾ ਹੈ।
ਸੰਪਰਕ: 98148-56160