ਚਰਨਜੀਤ ਭੁੱਲਰ
ਚੰਡੀਗੜ੍ਹ, 28 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਪਿੜ ’ਚ ਨਿੱਤਰੇ ਉਮੀਦਵਾਰਾਂ ਲਈ ਕਵਰਿੰਗ ਉਮੀਦਵਾਰ ਵਜੋਂ ਪਹਿਲੀ ਪਸੰਦ ਆਪਣੀ ਪਤਨੀ ਹੈ। ਪ੍ਰਮੁੱਖ ਰਾਜਸੀ ਧਿਰਾਂ ’ਚੋਂ ਕੋਈ ਅਜਿਹਾ ਉਮੀਦਵਾਰ ਨਜ਼ਰ ਨਹੀਂ ਪੈਂਦਾ ਹੈ, ਜਿਸ ਨੇ ਕਵਰਿੰਗ ਉਮੀਦਵਾਰ ਆਪਣੇ ਹਲਕੇ ਦੇ ਕਿਸੇ ਹੋਰ ਸੀਨੀਅਰ ਆਗੂ ਨੂੰ ਬਣਾਇਆ ਹੋਵੇ। ਸਾਰਿਆਂ ਨੇ ਆਪੋ-ਆਪਣੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਹੈ। ਹਰ ਸਿਆਸੀ ਪਾਰਟੀ ਦੀ ਸੋਚ ਇਸ ਮਾਮਲੇ ’ਚ ਇੱਕੋ ਹੈ। ਟਿਕਟਾਂ ਤੋਂ ਖੁੰਝੇ ਚਾਹਵਾਨ ਤਾਂ ਕਵਰਿੰਗ ਉਮੀਦਵਾਰ ਵੀ ਨਹੀਂ ਬਣ ਪਾਉਂਦੇੇ।
ਪੰਜਾਬ ਚੋਣਾਂ ਲਈ ਹੁਣ ਤੱਕ 299 ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਾਫ਼ੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ, ਜਿਨ੍ਹਾਂ ਆਪਣੀ ਪਤਨੀ ਨੂੰ ਹੀ ਕਵਰਿੰਗ ਉਮੀਦਵਾਰ ਬਣਾਇਆ ਹੈ। ਕਈਆਂ ਨੇ ਆਪਣੇ ਧੀਆਂ-ਪੁੱਤਾਂ ਨੂੰ ਵੀ ਕਵਰਿੰਗ ਉਮੀਦਵਾਰ ਬਣਾਇਆ ਹੈ। ਗਿੱਦੜਬਾਹਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਕਵਰਿੰਗ ਉਮੀਦਵਾਰ ਅੰਮ੍ਰਿਤਾ ਸਿੰਘ (ਪਤਨੀ) ਹੈ। ਵੜਿੰਗ ਦੇ ਵਿਰੋਧੀ ਉਮੀਦਵਾਰ ਡਿੰਪੀ ਢਿੱਲੋਂ ਨੇ ਵੀ ਆਪਣੀ ਪਤਨੀ ਹਰਜੀਤ ਕੌਰ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ।
ਰਾਮਪੁਰਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਲਈ ਕਵਰਿੰਗ ਉਮੀਦਵਾਰ ਵਜੋਂ ਤਰਜੀਹ ਆਪਣੀ ਪਤਨੀ ਸੁਖਪ੍ਰੀਤ ਕੌਰ ਰਹੀ ਹੈ। ਸੰਗਰੂਰ ਤੋਂ ਵਿਜੈਇੰਦਰ ਸਿੰਗਲਾ ਦੀ ਕਵਰਿੰਗ ਉਮੀਦਵਾਰ ਉਨ੍ਹਾਂ ਦੀ ਪਤਨੀ ਦੀਪਾ ਸਿੰਗਲਾ ਹੈ। ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਨੇ ਵੀ ਪਤਨੀ ਡਾ. ਸ਼ਿਵਾਨੀ ਅਰੋੜਾ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ।
ਕਾਂਗਰਸ ਨੇ ਤਾਂ ਐਤਕੀਂ ਟਿਕਟਾਂ ਦੀ ਵੰਡ ਵਿੱਚ ਵੀ ਭਾਈ-ਭਤੀਜਾਵਾਦ ਨੂੰ ਹੁਲਾਰਾ ਦਿੱਤਾ ਹੈ। ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਪਤਨੀ ਪੁਨੀਤਾ ਸੰਧੂ ਉਨ੍ਹਾਂ ਦੀ ਕਵਰਿੰਗ ਉਮੀਦਵਾਰ ਹੈ। ਲੁਧਿਆਣਾ ਪੱਛਮੀ ਤੋਂ ਕਾਂਗਰਸ ਦੇ ਭਾਰਤ ਭੂਸ਼ਨ ਆਸ਼ੂ ਨੇ ਵੀ ਆਪਣੀ ਪਤਨੀ ਨੂੰ ਕਵਰਿੰਗ ਉਮੀਦਵਾਰ ਦੀ ਜ਼ਿੰਮੇਵਾਰੀ ਸੌਂਪੀ ਹੈ। ਧਰਮਕੋਟ ਤੋਂ ਅਕਾਲੀ ਉਮੀਦਵਾਰ ਜਥੇਦਾਰ ਤੋਤਾ ਸਿੰਘ ਨੇ ਆਪਣੀ ਪਤਨੀ ਮੁਖ਼ਤਿਆਰ ਕੌਰ ਅਤੇ ਮੁਕਤਸਰ ਤੋਂ ਅਕਾਲੀ ਉਮੀਦਵਾਰ ਰੋਜ਼ੀ ਬਰਕੰਦੀ ਨੇ ਪਤਨੀ ਖੁਸ਼ਪ੍ਰੀਤ ਕੌਰ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ।
ਖਰੜ ਤੋਂ ਅਕਾਲੀ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਵੀ ਆਪਣੀ ਪਤਨੀ ਪਰਮਜੀਤ ਕੌਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਸਿਆਸੀ ਧਿਰਾਂ ਨੂੰ ਇਹ ਚਾਹੀਦਾ ਹੈ ਕਿ ਕਵਰਿੰਗ ਉਮੀਦਵਾਰ ਹਲਕੇ ਦਾ ਸੀਨੀਅਰ ਆਗੂ ਹੋਣਾ ਚਾਹੁੰਦਾ ਹੈ। ਹਾਲਾਂਕਿ ਮੁੱਖ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਸੂਰਤ ’ਚ ਹੀ ਕਵਰਿੰਗ ਉਮੀਦਵਾਰ ਨੂੰ ਮੌਕਾ ਮਿਲਣਾ ਹੁੰਦਾ ਹੈ ਪਰ ਉਮੀਦਵਾਰ ਇਹ ਮੌਕੇ ਵੀ ਪਰਿਵਾਰ ਤੋਂ ਬਾਹਰ ਨਹੀਂ ਦੇਣਾ ਚਾਹੁੰਦੇ। ਅੱਜ ਦੇ ਜ਼ਮਾਨੇ ’ਚ ਉਸ ਹਲਕੇ ਦਾ ਸੀਨੀਅਰ ਆਗੂ ਹੀ ਕਵਰਿੰਗ ਉਮੀਦਵਾਰ ਬਣਨ ਦਾ ਸੁਫਨਾ ਲੈ ਸਕਦਾ ਹੈ, ਜਿਹੜਾ ਕੋਈ ਉਮੀਦਵਾਰ ਅਣਵਿਆਹਾ ਹੋਵੇ।
ਅੱਗੇ ਨਜ਼ਰ ਮਾਰੀਏ ਤਾਂ ਲਹਿਰਾਗਾਗਾ ਹਲਕੇ ਤੋਂ ਅਕਾਲੀ ਉਮੀਦਵਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਪੁੱਤਰ ਨਵਿੰਦਰਪ੍ਰੀਤ ਸਿੰਘ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ। ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਲੜਕੇ ਗੁਰਬਾਜ਼ ਸਿੰਘ ਨੂੰ ਕਵਰਿੰਗ ਉਮੀਦਵਾਰ ਦੀ ਜ਼ਿੰਮੇਵਾਰੀ ਸੌਂਪੀ ਹੈ। ਆਮ ਆਦਮੀ ਪਾਰਟੀ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹੈ। ਸੁਨਾਮ ਤੋਂ ‘ਆਪ’ ਦੇ ਅਮਨ ਅਰੋੜਾ ਦੀ ਪਤਨੀ ਸਬੀਨਾ ਅਰੋੜਾ ਉਨ੍ਹਾਂ ਦੀ ਕਵਰਿੰਗ ਉਮੀਦਵਾਰ ਹੈ।
ਮਾਨਸਾ ਤੋਂ ‘ਆਪ’ ਉਮੀਦਵਾਰ ਡਾ. ਵਿਜੈ ਸਿੰਗਲਾ ਨੇ ਵੀ ਆਪਣੀ ਪਤਨੀ ਅਨੀਤਾ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਨੇ ਆਪਣੀ ਪਤਨੀ ਸ਼ਗਨ ਕੁਮਾਰੀ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ। ਸੰਗਰੂਰ ਤੋਂ ‘ਆਪ’ ਉਮੀਦਵਾਰ ਨਰਿੰਦਰ ਕੌਰ ਨੇ ਆਪਣੀ ਮਾਂ ਚਰਨਜੀਤ ਕੌਰ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ। ਸਿਆਸੀ ਹਲਕੇ ਆਖਦੇ ਹਨ ਕਿ ਪੰਜਾਬ ਚੋਣਾਂ ਦੇ ਰਾਜਸੀ ਇਤਿਹਾਸ ’ਚ ਕੋਈ ਟਾਵਾਂ ਮੌਕਾ ਹੋਵੇਗਾ ਕਿ ਜਦੋਂ ਮੁੱਖ ਉਮੀਦਵਾਰ ਦੇ ਕਾਗ਼ਜ਼ ਰੱਦ ਹੋਏ ਹੋਣ ਤੇ ਚੋਣ ਕਵਰਿੰਗ ਉਮੀਦਵਾਰ ਨੇ ਲੜੀ ਹੋਈ ਹੋਵੇ।
ਜਮਹੂਰੀ ਯੁੱਗ ’ਚ ਜਾਗੀਰੂ ਸੋਚ ਭਾਰੂ: ਭੰਦੋਹਲ
ਸਿਆਸੀ ਵਿਸ਼ਲੇਸ਼ਕ ਐਡਵੋਕੇਟ ਜਗਦੇਵ ਸਿੰਘ ਭੰਦੋਹਲ ਅਨੁਸਾਰ ਕਵਰਿੰਗ ਉਮੀਦਵਾਰ ਦਾ ਇਹ ਰੁਝਾਨ ਜਮਹੂਰੀਅਤ ਦੀ ਮੂਲ ਭਾਵਨਾ ਦੇ ਖ਼ਿਲਾਫ਼ ਭੁਗਤਦਾ ਹੈ। ਕਵਰਿੰਗ ਉਮੀਦਵਾਰ ਆਪਣੇ ਪਰਿਵਾਰਾਂ ਤੱਕ ਹੀ ਸੀਮਤ ਰੱਖਣਾ ਉਮੀਦਵਾਰਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਿਨ੍ਹਾਂ ਵੱਲੋਂ ਦਾਅਵੇ ਹਮੇਸ਼ਾ ਲੋਕ ਰਾਜ ’ਚ ਭਰੋਸਗੀ ਦੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਵਰਿੰਗ ਉਮੀਦਵਾਰ ਆਪਣੇ ਪਰਿਵਾਰਕ ਮੈਂਬਰ ਨੂੰ ਬਣਾਉਣ ਦਾ ਸਿੱਧਾ ਮਤਲਬ ਹੈ ਕਿ ਉਮੀਦਵਾਰ ਨੂੰ ਆਪਣੀ ਪਾਰਟੀ ਅਤੇ ਹਲਕੇ ਦੇ ਸੀਨੀਅਰ ਆਗੂਆਂ ਪ੍ਰਤੀ ਕੋਈ ਸਨੇਹ ਜਾਂ ਭਰੋਸਾ ਨਹੀਂ ਹੈ। ਜਮਹੂਰੀ ਯੁੱਗ ’ਚ ਇਹ ਜਾਗੀਰੂ ਸੋਚ ਦੀ ਮਿਸਾਲ ਹੈ।