ਸੰਯੁਕਤ ਰਾਸ਼ਟਰ, 30 ਅਗਸਤ
ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਆਈਐੱਸਆਈਐੱਲ-ਕੇ ਦੀ ਮੌਜੂਦਗੀ ਕਾਫੀ ਵਧ ਗਈ ਹੈ। ਨਾਲ ਹੀ ਉਸ ਨੇ ਚੌਕਸ ਕੀਤਾ ਕਿ ਪਾਕਿਸਤਾਨ ਸਥਿਤ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਵਰਗੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਵਿਚਾਲੇ ਸਬੰਧ ਅਤੇ ਹੋਰ ਅਤਿਵਾਦੀ ਜਥੇਬੰਦੀਆਂ ਦੇ ਭੜਕਾਊ ਬਿਆਨ ਖਿੱਤੇ ਦੀ ਸ਼ਾਂਤੀ ਤੇ ਸਥਿਰਤਾ ਲਈ ਖਤਰਾ ਹਨ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ, ‘‘ਜਿਵੇਂ ਕਿ ਅਸੀਂ ਸੁਰੱਖਿਆ ਕੌਂਸਲ ਵਿੱਚ ਵਾਰ-ਵਾਰ ਕਿਹਾ ਹੈ…ਇਕ ਨੇੜਲੇ ਗੁਆਂਢੀ ਅਤੇ ਲੰਬੇ ਸਮੇਂ ਤੋਂ ਸਾਡੇ ਸਾਂਝੇਦਾਰ ਹੋਣ ਕਰ ਕੇ ਅਫ਼ਗਾਨਿਤਸਾਨ ਦੇ ਲੋਕਾਂ ਨਾਲ ਸਾਡੇ ਮਜ਼ਬੂਤ ਇਤਿਹਾਸਕ ਤੇ ਸਭਿਆਚਾਰਕ ਸਬੰਧ ਹਨ, ਜਿਸ ਕਾਰਨ ਅਫ਼ਗਾਨਿਸਤਾਨ ’ਚ ਸ਼ਾਂਤੀ ਤੇ ਸਥਿਰਤਾ ਦੀ ਵਾਪਸੀ ਯਕੀਨੀ ਬਣਾਉਣ ਦੇ ਸਬੰਧ ਵਿੱਚ ਭਾਰਤ ਦੇ ਸਿੱਧੇ ਹਿੱਤ ਜੁੜੇ ਹਨ।’’
ਰੂਸ ਦੀ ਬੇਨਤੀ ’ਤੇ ਅਫਗਾਨਿਸਤਾਨ ’ਤੇ ਸੱਦੀ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਕੰਬੋਜ ਨੇ ਕਿਹਾ ਕਿ ਅਤਿਵਾਦ ’ਤੇ 1988 ਪਾਬੰਦੀ ਕਮੇਟੀ ਦੀ ਐਨਾਲਿਟੀਕਲ ਸਪੋਰਟ ਐਂਡ ਦਿ ਸੈਂਕਸ਼ਨਜ਼ ਮੌਨੀਟਰਿੰਗ ਟੀਮ ਦੀ ਰਿਪੋਰਟ ਦੇ ਨਤੀਜੇ ਦੱਸਦੇ ਹਨ ਕਿ ਅਫ਼ਗਾਨਿਸਤਾਨ ’ਚ ਅਧਿਕਾਰੀਆਂ ਨੂੰ ਅਤਿਵਾਦ ਵਿਰੋਧੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਕੰਬੋਜ ਨੇ ਕੌਂਸਲ ਨੂੰ ਕਿਹਾ ਕਿ ਕਾਬੁਲ ਵਿੱਚ 18 ਜੂਨ ਨੂੰ ਗੁਰਦੁਆਰੇ ’ਤੇ ਹਮਲਾ ਹੋਇਆ ਅਤੇ 27 ਜੁਲਾਈ ਨੂੰ ਉਸੇ ਗੁਰਦੁਆਰੇ ਕੋਲ ਇਕ ਹੋਰ ਬੰਬ ਧਮਾਕਾ ਹੋਣ ਸਣੇ ਘੱਟ-ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ’ਤੇ ਲਗਾਤਾਰ ਹੋ ਰਹੇ ਹਮਲੇ ‘ਬੇਹੱਦ ਚਿੰਤਾਜਨਕ’ ਹਨ। ਉਨ੍ਹਾਂ ਕਿਹਾ, ‘‘ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਅਤਿਵਾਦੀ ਜਥੇਬੰਦੀ ਐਲਾਨੇ ਗਏ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਵਿਚਾਲੇ ਸਬੰਧਾਂ ਤੋਂ ਇਲਾਵਾ ਅਫਗਾਨਿਸਤਾਨ ’ਚ ਸਰਗਰਮ ਹੋਰ ਅਤਿਵਾਦੀ ਜਥੇਬੰਦੀਆਂ ਦੇ ਭੜਕਾਊ ਬਿਆਨ ਖਿੱਤੇ ਵਿੱਚ ਸ਼ਾਂਤੀ ਤੇ ਸਥਿਰਤਾ ਲਈ ਸਿੱਧਾ ਖ਼ਤਰਾ ਹਨ।’’ ਕੰਬੋਜ ਨੇ ਇਹ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਕਿ ਪਾਬੰਦੀਸ਼ੁਦਾ ਅਤਿਵਾਦੀਆਂ ਤੇ ਜਥੇਬੰਦੀਆਂ ਨੂੰ ਅਫ਼ਗਾਨਿਸਤਾਨ ਵਿੱਚ ਸਥਿਤ ਅਤਿਵਾਦੀ ਜਥੇਬੰਦੀਆਂ ਤੋਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਕੋਈ ਸਮਰਥਨ ਨਾ ਮਿਲੇ।’’ -ਪੀਟੀਆਈ