ਬਗਦਾਦ, 30 ਅਗਸਤ
ਇਰਾਕ ਦੇ ਪ੍ਰਭਾਵਸ਼ਾਲੀ ਸ਼ੀਆ ਆਗੂ ਦੇ ਰਾਜਨੀਤੀ ਤੋਂ ਹਟਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਨੇ ਦੇਸ਼ ਦੇ ‘ਗਰੀਨ ਜ਼ੋਨ’ ਵਿੱਚ ਗੋਲੀਬਾਰੀ ਕੀਤੀ ਅਤੇ ਰਾਕੇਟ ਦਾਗੇ। ਉੱਧਰ, ਜਵਾਬੀ ਕਾਰਵਾਈ ਵਿੱਚ ਇਰਾਕ ਦੇ ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਕੀਤੀ। ਇਸ ਦੌਰਾਨ ਘੱਟੋ-ਘੱਟ 30 ਮੌਤਾਂ ਹੋ ਗਈਆਂ ਜਦਕਿ 400 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਦੇਸ਼ ਵਿੱਚ ਇਕ ਮਹੀਨੇ ਤੋਂ ਚੱਲ ਰਹੇ ਸਿਆਸੀ ਸੰਕਟ ਕਾਰਨ ਹਾਲਾਤ ਤਣਾਅਪੂਰਨ ਹੋ ਗਏ ਹਨ। ਸਿਆਸੀ ਸੰਕਟ ਵਿਚਾਲੇ ਸੋਮਵਾਰ ਨੂੰ ਆਗੂ ਮੁਕਤਦਾ ਅਲ-ਸਦਰ ਦੇ ਅਸਤੀਫੇ ਤੋਂ ਬਾਅਦ ਸਮਰਥਕਾਂ ਨੇ ਪਹਿਲਾਂ ‘ਗਰੀਨ ਜ਼ੋਨ’ ’ਤੇ ਹਮਲਾ ਕੀਤਾ। ਇਰਾਕ ਦੀ ਸਰਕਾਰ ਵਿੱਚ ਅੜਿੱਕਾ ਉਦੋਂ ਤੋਂ ਪਿਆ ਹੈ ਜਦੋਂ ਸ਼ੀਆ ਆਗੂ ਦੀ ਪਾਰਟੀ ਨੇ ਅਕਤੂਬਰ ਦੀਆਂ ਸੰਸਦੀ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਸਨ ਪਰ ਉਹ ਬਹੁਮਤ ਤੱਕ ਨਹੀਂ ਪਹੁੰਚ ਸਕੇ ਸਨ।
ਉਨ੍ਹਾਂ ਆਮ ਸਹਿਮਤੀ ਵਾਲੀ ਸਰਕਾਰ ਬਣਾਉਣ ਲਈ ਇਰਾਨ ਸਮਰਥਿਤ ਸ਼ੀਆ ਵਿਰੋਧੀਆਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਿੰਸਾ ਕਰ ਕੇ ਦੇਸ਼ ਵਿੱਚ ਸਿਆਸੀ ਸੰਕਟ ਡੂੰਘਾ ਹੋਣ ਦੇ ਸੰਕੇਤ ਹਨ। ਹਾਲਾਂਕਿ, ਦੇਸ਼ ਵਿੱਚ ਕਈ ਥਾਵਾਂ ’ਤੇ ਲੋਕ ਸੜਕਾਂ ਤੋਂ ਗਾਇਬ ਰਹੇ ਅਤੇ ਮਾਹੌਲ ਕਾਫੀ ਹੱਦ ਤੱਕ ਸ਼ਾਂਤ ਰਿਹਾ। ਉਧਰ, ਇਰਾਨ ਨੇ ਇਰਾਕ ਲਈ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ। ਤਹਿਰਾਨ ਨੂੰ ਡਰ ਹੈ ਕਿ ਹੈ ਕਿ ਝੜਪਾਂ ਦੀ ਲਹਿਰ ਉੱਥੇ ਤੱਕ ਫੈਲ ਸਕਦੀ ਹੈ।
ਇਰਾਕ ਦੇ ਦੋ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਭਰ ਚੱਲੀ ਝੜਪ ਵਿੱਚ ਘੱਟੋ-ਘੱਟ 30 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 400 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਅਲ-ਸਦਰ ਦੇ ਦੋਵੇਂ ਵਫ਼ਾਦਾਰ ਸ਼ਾਮਲ ਸਨ ਜੋ ਇੱਕ ਦਿਨ ਪਹਿਲਾਂ ਵਿਰੋਧ ਪ੍ਰਦਰਸ਼ਨ ਵਿੱਚ ਮਾਰੇ ਗਏ। ਨਾਮ ਨਾ ਛਾਪਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। -ਏਪੀ
ਅਲ-ਸਦਰ ਨੇ ਸਮਰਥਕਾਂ ਨੂੰ ਇਕ ਘੰਟੇ ’ਚ ਸਰਕਾਰੀ ਕੰਪਲੈਕਸ ਛੱਡਣ ਨੂੰ ਕਿਹਾ
ਬਗਦਾਦ: ਇਰਾਕ ਦੇ ਪ੍ਰਭਾਵਸ਼ਾਲੀ ਆਗੂ ਮੁਕਤਦਾ ਅਲ-ਸਦਰ ਨੇ ਸੁਰੱਖਿਆ ਬਲਾਂ ਤੇ ਨੀਮ ਫ਼ੌਜੀ ਸਮੂਹਾਂ ਨਾਲ ਭਿਆਨਕ ਝੜਪਾਂ ਤੋਂ ਕਰੀਬ 24 ਘੰਟੇ ਬਾਅਦ ਆਪਣੇ ਸਮਰਥਕਾਂ ਨੂੰ ਸਰਕਾਰੀ ਖੇਤਰ ’ਚੋਂ ਵਾਪਸ ਸੱਦ ਲਿਆ ਹੈ। ਅਲ-ਸਦਰ ਨੇ ਅੱਜ ਟੈਲੀਵਿਜ਼ਨ ’ਤੇ ਇਕ ਭਾਸ਼ਣ ਵਿੱਚ ਆਪਣੇ ਸਮਰਥਕਾਂ ਨੂੰ ਸਰਕਾਰੀ ਖੇਤਰ ਛੱਡਣ ਲਈ ਇਕ ਘੰਟੇ ਦਾ ਸਮਾਂ ਦਿੱਤਾ। ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕ ਸਰਕਾਰੀ ਕੰਪਲੈਕਸ ਵਿੱਚ ਵੜ ਗਏ ਸਨ ਅਤੇ ਸੰਸਦ ਭਵਨ ਦੇ ਬਾਹਰ ਧਰਨਾ ਦੇ ਰਹੇ ਹਨ। -ਏਪੀ