ਸ਼੍ਰੋਮਣੀ ਕਮੇਟੀ ਦਾ ਮਤਾ
ਮਿਸਾਲੀ ਓਲੰਪੀਅਨ ਬਲਬੀਰ ਸਿੰਘ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਕੀਤਾ ਸੀ ਕਿ ਇਸ ਹਾਕੀ ਖਿਡਾਰੀ ਦਾ ਚਿੱਤਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਾਇਆ ਜਾਵੇਗਾ। ਅਖ਼ਬਾਰਾਂ ਵਿਚ ਖ਼ਬਰਾਂ ਵੀ ਛਪੀਆਂ ਸਨ। ਇਕ ਕਮੇਟੀ ਮੈਂਬਰ ਨੇ ਬਲਬੀਰ ਸਿੰਘ ਦੀ ਧੀ ਤੋਂ ਫਰੇਮ ਕੀਤੀ ਤਸਵੀਰ ਹਾਸਲ ਕੀਤੀ ਹੋਈ ਹੈ। ਇਸ ਦੇ ਨਾਲ ਦੀ ਤਸਵੀਰ ਟੋਰਾਂਟੋ ਦੇ ਡਿਕਸੀ ਗੁਰਦੁਆਰੇ ਵਿਚ ਵੀ ਲੱਗੀ ਹੋਈ ਹੈ ਪਰ ਵਿਸ਼ਵ ਦੇ ਅੱਵਲ ਨੰਬਰ ਹਾਕੀ ਖਿਡਾਰੀ ਦੀ ਤਸਵੀਰ ਡੇਢ ਸਾਲ ਬੀਤ ਜਾਣ ’ਤੇ ਵੀ ਕੇਂਦਰੀ ਸਿੱਖ ਅਜਾਇਬਘਰ ਵਿਚ ਲਾਈ ਨਹੀਂ ਗਈ। ਬਲਬੀਰ ਸਿੰਘ ਨੇ ਓਲੰਪਿਕ ਖੇਡਾਂ ਵਿਚ ਤਿੰਨ ਗੋਲਡ ਮੈਡਲ ਜਿੱਤੇ, ਭਾਰਤੀ ਟੀਮ ਦੀ ਕਪਤਾਨੀ ਕੀਤੀ ਤੇ ਭਾਰਤੀ ਹਾਕੀ ਟੀਮਾਂ ਦੇ ਕੋਚ/ਮੈਨੇਜਰ ਬਣ ਕੇ ਸੰਸਾਰ ਹਾਕੀ ਕੱਪ ਸਮੇਤ ਮੁਲਕ ਨੂੰ ਸੱਤ ਮੈਡਲ ਦਿਵਾਏ। ਲੰਡਨ-2012 ਦੀਆਂ ਓਲੰਪਿਕ ਖੇਡਾਂ ਸਮੇਂ ਕੌਮਾਂਤਰੀ ਓਲੰਪਿਕ ਕਮੇਟੀ ਨੇ ਉਨ੍ਹਾਂ ਨੂੰ ਓਲੰਪਿਕ ਖੇਡਾਂ ਦਾ ਸਰਵੋਤਮ ਹਾਕੀ ਖਿਡਾਰੀ ਐਲਾਨਿਆ ਸੀ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਹਾਲੈਂਡ ਵਿਰੁੱਧ ਬਲਬੀਰ ਸਿੰਘ ਦੇ ਕੀਤੇ 5 ਗੋਲਾਂ ਦਾ ਰਿਕਾਰਡ 72 ਸਾਲਾਂ ਤੋਂ ਕਾਇਮ ਹੈ।
ਪ੍ਰਿੰਸੀਪਲ ਸਰਵਣ ਸਿੰਘ, (ਈਮੇਲ)
ਸੇਧ ਦੇਣ ਵਾਲੀ ਲਿਖਤ
ਇਕਬਾਲ ਕੌਰ ਉਦਾਸੀ ਦਾ ਕਾਮਰੇਡ ਪ੍ਰਕਾਸ਼ ਸਿੰਘ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਲਈ ਲਿਖਿਆ ਮਿਡਲ ‘ਸਿਰੜ ਨੂੰ ਸਲਾਮ’ (30 ਦਸੰਬਰ) ਵਧੀਆ ਹੈ। ਇਸ ਸ਼ਖ਼ਸੀਅਤ ਨੇ ਆਪਣੇ ਜੀਵਨ ਵਿਚ ਤੰਗੀਆਂ-ਤੁਰਸ਼ੀਆਂ ਝੱਲਦਿਆਂ ਸਰਕਾਰਾਂ ਦਾ ਵਿਰੋਧ ਕੀਤਾ, ਕਮਿਊਨਿਸਟ ਲਹਿਰ ਵਿਚ ਵੀ ਆਪਣਾ ਯੋਗਦਾਨ ਪਾਇਆ, ਸਮਾਜਿਕ ਕੁਰੀਤੀਆਂ ਤੋੜਨ ਦਾ ਯਤਨ ਵੀ ਕੀਤਾ। ਕਾਸ਼! ਅੱਜ ਸਮਾਜ ਨੂੰ ਨਾ-ਬਰਾਬਰੀ ਦੇ ਖਿ਼ਲਾਫ਼ ਅਤੇ ਸਮਾਜਿਕ ਬਿਹਤਰੀ ਲਈ ਲੜਨ ਵਾਲੇ ਅਜਿਹੇ ਜੁਝਾਰੂ ਲੀਡਰ ਮਿਲਣ।
ਮਨਮੋਹਨ ਸਿੰਘ, ਨਾਭਾ
ਸੁੱਤੇ ਸਿਆਸਤਦਾਨ
28 ਦਸੰਬਰ ਨੂੰ ਸੁਰਿੰਦਰ ਕੁਮਾਰੀ ਭਾਟੀਆ ਦਾ ਮਿਡਲ ‘ਸਮੇਂ ਦੀ ਆਵਾਜ਼’ ਪੜ੍ਹਿਆ। ਪੁਰਸ਼ ਪ੍ਰਧਾਨ ਸਮਾਜ ਵਿਚ ਅੱਜ ਵੀ ਔਰਤਾਂ ਸ਼ਰਾਬੀ ਪਤੀਆਂ ਦੇ ਸਰੀਰਕ ਅਤੇ ਮਾਨਸਿਕ ਅੱਤਿਆਚਾਰਾਂ ਤੋਂ ਮੁਕਤ ਨਹੀਂ ਹਨ। ਮਾਤਰ ਸ਼ਕਤੀ ਨੂੰ ਨਿਆਂ ਕਦੋਂ ਮਿਲੇਗਾ? ਸਿਆਸਤਦਾਨ ਸੁੱਤੇ ਪਏ ਹਨ। ਇਹ ਕਦੋਂ ਜਾਗਣਗੇ?
ਅਨਿਲ ਕੌਸ਼ਿਕ, ਕਿਓੜਕ (ਕੈਥਲ, ਹਰਿਆਣਾ)
ਧਰਾਤਲੀ ਹਕੀਕਤ
25 ਦਸੰਬਰ ਨੂੰ ਔਨਿੰਦਯੋ ਚੱਕਰਵਰਤੀ ਦਾ ਲੇਖ ‘ਸੱਤਰ ਸਾਲਾਂ ਬਾਅਦ ਕੀ ਤਬਦੀਲੀ ਹੋਈ?’ ਪੜ੍ਹਿਆ। ਅੰਕੜਿਆਂ ’ਤੇ ਆਧਾਰਿਤ ਲੇਖ ਆਰਥਿਕ ਨਾ-ਬਰਾਬਰੀ ਦੀ ਧੁਰੀ ਦੁਆਲੇ ਘੁੰਮਦਾ ਧਰਾਤਲੀ ਹਕੀਕਤ ਬਿਆਨ ਕਰਨ ਤੋਂ ਖੁੰਝ ਗਿਆ ਜਾਪਦਾ ਹੈ। ਸੱਚ ਹੈ, ਸੱਤਰ ਸਾਲ ਪਹਿਲਾਂ ਦੇਸ਼ ਬਹੁਤ ਗ਼ਰੀਬ ਸੀ। ਉਸ ਵਕਤ ਜ਼ਿਆਦਾ ਗ਼ਰੀਬ ਪਿੰਡਾਂ ਦੇ ਵਸਨੀਕ ਸਨ। ਮੁਫ਼ਤ ਤੋਹਫ਼ਾ ਸੱਭਿਆਚਾਰ ਨਹੀਂ ਸੀ। ਗ਼ਰੀਬ ਮਿਹਨਤ ਕਰਕੇ ਗੁਜ਼ਰ-ਬਸਰ ਕਰਦੇ ਸਨ ਅਤੇ ਵਧੀਆ ਭਾਈਚਾਰਕ ਸਾਂਝ ਵਾਲਾ ਜੀਵਨ ਬਤੀਤ ਕਰ ਰਹੇ ਸਨ। ਤਬਦੀਲੀ ਇਹ ਹੋਈ ਹੈ ਕਿ ਪਿੰਡ ਦੇ ਗ਼ਰੀਬ ਮਰਦ ਸ਼ਹਿਰਾਂ ਦੇ ਚੌਕਾਂ ਵਿਚ ਦਿਹਾੜੀ ਭਾਲ ਰਹੇ ਹਨ ਅਤੇ ਗ਼ਰੀਬ ਔਰਤਾਂ ਸ਼ਹਿਰੀਆਂ ਦੇ ਘਰਾਂ ਵਿਚ ਝਾੜੂ-ਪੋਚੇ ਲਾ ਅਤੇ ਬਰਤਨ ਸਾਫ਼ ਕਰ ਰਹੀਆਂ ਹਨ। ਇਸ ਤਬਦੀਲੀ ਨੇ ਗ਼ਰੀਬ ਤੋਂ ਉਸ ਦੀ ਭਾਈਚਾਰਕ ਸਾਂਝ ਵੀ ਖੋਹ ਲਈ ਹੈ।
ਜਗਰੂਪ ਸਿੰਘ, ਲੁਧਿਆਣਾ
(2)
ਔਨਿੰਦਯੋ ਚੱਕਰਵਰਤੀ ਦਾ ਲੇਖ ‘ਸੱਤਰ ਸਾਲਾਂ ਬਾਅਦ ਕੀ ਤਬਦੀਲੀ ਹੋਈ?’ (25 ਦਸੰਬਰ) ਸਾਡੇ ਆਰਥਿਕ ਢਾਂਚੇ ਉਪਰ ਤਰਕਸੰਗਤ ਸਵਾਲ ਖੜ੍ਹੇ ਕਰਦਾ ਹੈ। ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਗ਼ਰੀਬੀ ਅਤੇ ਅਮੀਰੀ ਵਿਚਕਾਰ ਪਾੜਾ ਅਮਰਵੇਲ ਵਾਂਗ ਵਧ ਰਿਹਾ ਹੈ। ਅਮੀਰ ਦਿਨੋ-ਦਿਨ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ। ਦੁਨੀਆ ਦੇ ਮਹਿਜ਼ ਇਕ ਫ਼ੀਸਦੀ ਲੋਕ ਸਮੁੱਚੀ ਜਨਸੰਖਿਆ ਨੂੰ ਪੈਰਾਸਾਈਟ ਵਾਂਗ ਚਿੰਬੜੇ ਹੋਏ ਹਨ।
ਰਮਨਦੀਪ ਸਿੰਘ ਖੀਵਾ, (ਈਮੇਲ)
ਰੋਗ ਦੀ ਜੜ੍ਹ
25 ਦਸੰਬਰ ਨੂੰ ਪਾਵਰਕੌਮ ਦੇ ਮੁਖੀ ਬਲਦੇਵ ਸਿੰਘ ਸਰਾਂ ਦਾ ਸੋਸ਼ਲ ਮੀਡੀਆ ’ਤੇ ਭ੍ਰਿਸ਼ਟਾਚਾਰ ਖਿ਼ਲਾਫ਼ ਕੱਢੇ ਗੁੱਸੇ ਬਾਰੇ ਛਪੀ ਖ਼ਬਰ ਪੜ੍ਹੀ। ਭ੍ਰਿਸ਼ਟਾਚਾਰ ਨੇ ਸਾਡੇ ਸਿਸਟਮ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਹਨ। ਨਵੇਂ ਮੁਖੀ ਨੇ ਇਸ ਰੋਗ ਦੀ ਜੜ੍ਹ ਫੜ ਲਈ ਹੈ।
ਮਲਕੀਤ ਸਿੰਘ ਸਿੱਧੂ, ਬਣਾਵਾਲਾ (ਮਾਨਸਾ)
ਅੱਲਾਂ ਵਾਲੇ
25 ਦਸੰਬਰ ਦੇ ਸਤਰੰਗ ਪੰਨੇ ਉੱਤੇ ‘ਮੇਰੇ ਪਿੰਡ ਦੀਆਂ ਅੱਲਾਂ’ ਬਾਰੇ ਜਸਵੰਤ ਸਿੰਘ ਢਿੱਲੋਂ ਨੇ ਆਪਣੇ ਪਿੰਡ ਦੀਆਂ ਅੱਲਾਂ ਲਿਖ ਕੇ ਦਲੇਰੀ ਦਿਖਾਈ ਹੈ ਲੇਕਿਨ ਪੁੱਠੇ ਨਾਮ ਰੱਖਣਾ ਅੱਲ ਨਹੀਂ ਹੁੰਦੀ। ਕਈ ਪੁੱਠੇ ਉਪਨਾਮ ਤਾਂ ਲੜਾਈ ਮੁੱਲ ਲੈਣ ਵਾਲੇ ਹੋ ਨਿੱਬੜਦੇ ਹਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
(2)
ਸਤਰੰਗ ਪੰਨੇ ’ਤੇ ‘ਮੇਰੇ ਪਿੰਡ ਦੀਆਂ ਅੱਲਾਂ’ (ਲੇਖਕ ਜਸਵੰਤ ਸਿੰਘ ਢਿੱਲੋਂ, 25 ਦਸੰਬਰ) ਪੜ੍ਹ ਕੇ ਵਧੀਆ ਜਾਣਕਾਰੀ ਮਿਲੀ। ਇਸੇ ਪੰਨੇ ’ਤੇ ਹੀ ‘ਸਦਾ ਪੈਂਦੀ ਰਹੇ ਲੋਕ ਨਾਚਾਂ ਦੀ ਧਮਾਲ’ (ਲੇਖਕ ਰਾਜਨਦੀਪ ਕੌਰ) ਨੇ ਪੰਜਾਬੀ ਵਿਰਸੇ ਬਾਰੇ ਲਿਖਿਆ ਹੈ। ਇੰਟਰਨੈੱਟ ਐਡੀਸ਼ਨ ਵਿਚ ਮਜ਼ਾਹੀਆ ਅਦਾਕਾਰਾ ਇੰਦਰਾ ਬਾਂਸਲ (ਲੇਖਕ ਮਨਦੀਪ ਸਿੰਘ ਸਿੱਧੂ) ਪੜ੍ਹਦਿਆਂ ਕੁਝ ਵਿਚਾਰ ਮਨ ਅੰਦਰ ਉੱਠੇ ਹਨ। ਇਸ ਰਚਨਾ ਵਿਚ ਬਹੁਤ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਅਰਥ ਹੀ ਪਤਾ ਨਹੀਂ ਲਗਦੇ। ਲੇਖਕਾਂ ਨੂੰ ਔਖੇ ਸ਼ਬਦਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਗੁਰਇਕ ਸਿੰਘ, ਬਰੈਂਪਟਨ (ਕੈਨੇਡਾ)
ਕਿਸਾਨਾਂ ਦੀ ਘਾਲਣਾ
25 ਦਸੰਬਰ ਨੂੰ ਕਰਨੈਲ ਸਿੰਘ ਸੋਮਲ ਦਾ ਲੇਖ ‘ਜ਼ਮਾਨਾ ਜਾਗਦੇ ਰਹਿਣ ਦਾ ਹੈ’ (ਸਤਰੰਗ) ਪੜ੍ਹਿਆ। ਲੇਖ ਵਿਚ ਕਿਸਾਨ ਅੰਦੋਲਨ ਦੀ ਜਿੱਤ ਤੇ ਉਨ੍ਹਾਂ ਦੀ ਘਾਲਣਾ ਦਾ ਖੂਬਸੂਰਤ ਚਿਤਰਨ ਹੈ। ਅਸੀਂ ਆਪਣੇ ਅੱਖੀਂ ਇਸ ਕਿਸਾਨ ਅੰਦੋਲਨ ਨੂੰ ਲੋਕ ਅੰਦੋਲਨ ਵਿਚ ਬਦਲਦਾ ਤੱਕਿਆ ਹੈ। ਇਸ ਪਿੱਛੋਂ ਹੀ ਇਹ ਜਿੱਤ ਤੱਕ ਪਹੁੰਚਿਆ ਹੈ। ਇਸ ਵਿਚ ਰਾਕੇਸ਼ ਟਿਕੈਤ ਦੇ ਹੰਝੂ ‘ਕਰਾਮਾਤ’ ਦਾ ਰੂਪ ਧਾਰਨ ਕਰ ਗਏ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ