ਪਰਮਜੀਤ ਸਿੰਘ
ਫਾਜ਼ਿਲਕਾ, 11 ਜੂਨ
ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਭੱਠਿਆਂ ’ਤੇ ਇੱਟਾਂ ਕੱਢਣ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਵੱਲੋਂ ਆਪਣਾ ਮਿਹਨਤਾਨਾ ਲੈਣ ਲਈ ਡੀਸੀ ਦਫ਼ਤਰ ਸਾਹਮਣੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਪੰਜਾਬ ਭੱਠਾ ਵਰਕਰਜ਼ ਯੂਨੀਅਨ (ਏਟਕ) ਦਾ ਡੀਸੀ ਦਫ਼ਤਰ ਅੱਗੇ ਧਰਨਾ ਅੱਜ ਬਾਰ੍ਹਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅੱਜ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਹਰਜਿੰਦਰ ਸਿੰਘ ਜੱਲਾ ਲੱਖੇ ਕੇ ਹਿਠਾਂੜ, ਮੱਘਰ ਸਿੰਘ ਭੰਬਾਂ ਵੱਟੂ ਹਿਠਾਂੜ, ਜਰਨੈਲ ਸਿੰਘ ਜੱਲਾ ਲੱਖੇ ਕੇ ਹਿਠਾਂੜ, ਗੁਰਚਰਨ ਸਿੰਘ ਭੰਬਾਂ ਵੱਟੂ ਉਤਾੜ, ਤਜਿੰਦਰ ਸਿੰਘ ਭੱਬਾਂ ਵੱਟੂ ਉਤਾੜ ਭੁੱਖ ਹੜਤਾਲ ’ਤੇ ਬੈਠੇ। ਸੀਪੀਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਕਾਮਰੇਡ ਸੁਰਿੰਦਰ ਢੰਡੀਆ ਅਤੇ ਪੰਜਾਬ ਭੱਠਾ ਵਰਕਰਜ਼ ਯੂਨੀਅਨ (ਏਟਕ) ਦੇ ਪ੍ਰਧਾਨ ਕਾਮਰੇਡ ਗੁਰਨਾਮ ਸਿੰਘ ਨੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਵਾਈ। ਆਗੂਆਂ ਨੇ ਕਿਹਾ ਕਿ ਕੱਚੀਆਂ ਇੱਟਾਂ ਦੀ ਨਿਕਾਸੀ ਮਜ਼ਦੂਰੀ ਸਰਕਾਰ ਵੱਲੋਂ 820 ਰੁਪਏ ਪ੍ਰਤੀ ਹਜ਼ਾਰ ਇੱਟ ਤੈਅ ਕੀਤੀ ਗਈ, ਪਰ ਉਹ ਭੱਠਾ ਮਜ਼ਦੂਰਾਂ ਨੂੰ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਭੱਠਾ ਮਾਲਕਾਂ ਵੱਲੋਂ ਬੰਦੂਆਂ ਮਜ਼ਦੂਰੀ ਕਰਵਾ ਕੇ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਭੱਠਾ ਮਜ਼ਦੂਰਾਂ ਤੋਂ ਗ਼ਲਤ ਢੰਗ ਨਾਲ ਹਲਫ਼ੀਆ ਬਿਆਨ ਲਏ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਭੱਠਾ ਮਜ਼ਦੂਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ।