ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਮਈ
ਇਥੇ ਕਲੋਨੀ ਨੰਬਰ-4 ਨੂੰ ਢਾਹੇ ਜਾਣ ਤੋਂ ਬਾਅਦ ਬੇਘਰ ਹੋਏ ਲੋਕਾਂ ਦੇ ਵਫ਼ਦ ਨੇ ਅੱਜ ਸੰਸਦ ਮੈਂਬਰ ਕਿਰਨ ਖੇਰ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਯੂਟੀ ਪ੍ਰਸ਼ਾਸਨ ਨੇ ਸਾਰੇ ਲੋਕਾਂ ਨੂੰ ਘਰ ਮੁਹੱਈਆ ਨਹੀਂ ਕਰਵਾਏ ਤੇ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਰਵੇ ਅਨੁਸਾਰ 658 ਲੋਕਾਂ ਦੇ ਡਰਾਅ ਕੱਢੇ ਜਾਣੇ ਸਨ ਜਿਸ ਵਿੱਚੋਂ ਸਿਰਫ਼ 290 ਲੋਕਾਂ ਨੂੰ ਘਰ ਦਿੱਤੇ ਗਏ ਹਨ। ਵਫ਼ਦ ਨੇ ਮੰਗ ਕੀਤੀ ਕਿ ਬੇਘਰ ਹੋਏ ਬਾਕੀ ਲੋਕਾਂ ਨੂੰ ਵੀ ਘਰ ਮੁਹੱਈਆ ਕਰਵਾਏ ਜਾਣ।
ਇਸ ਸਬੰਧੀ ਕਲੋਨੀ ਨੰਬਰ-4 ਵਿੱਚ ਰਹਿਣ ਵਾਲੇ ਰਾਜਿੰਦਰ ਹਿੰਦੁਸਤਾਨੀ ਨੇ ਦੱਸਿਆ ਕਿ ਸੰਜੈ ਕਾਲੋਨੀ ਵਿੱਚ ਵੀ ਸਾਰੇ ਲੋਕਾਂ ਨੂੰ ਘਰ ਮੁਹੱਈਆ ਨਹੀਂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਘਰ ਦੇ ਡਰਾਅ ਲੋਕਾਂ ਦੀ ਗੈਰਹਾਜ਼ਰੀ ਵਿੱਚ ਕੱਢੇ ਹਨ ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਘਰ ਨਹੀਂ ਮਿਲ ਸਕੇ। ਕਲੋਨੀ ਨੰਬਰ-4 ਦੇ ਵਫ਼ਦ ਦੀਆਂ ਗੱਲਾਂ ਸੁਨਣ ਉਪਰੰਤ ਸੰਸਦ ਮੈਂਬਰ ਕਿਰਨ ਖੇਰ ਨੇ ਭਰੋਸਾ ਦਿੱਤਾ ਕਿ ਬਾਕੀ ਲੋਕਾਂ ਨੂੰ ਵੀ ਘਰ ਦਿਵਾਉਣ ਲਈ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ।