ਪੱਤਰ ਪ੍ਰੇਰਕ
ਚੰਡੀਗੜ੍ਹ, 7 ਜੂਨ
ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਅੱਗੇ ਕੈਂਪਸ ਵਿਚਲੀਆਂ ਲੈਬਾਰਟਰੀਆਂ ਅਤੇ ਲਾਇਬਰੇਰੀਆਂ ਖੁੱਲ੍ਹਵਾਉਣ ਆਦਿ ਮੰਗਾਂ ਨੂੰ ਲੈ ਕੇ ਦਿਨ-ਰਾਤ ਧਰਨਾ ਦੇ ਰਹੇ ਖੋਜਾਰਥੀਆਂ ਵਿੱਚ ਅੱਜ ਪੀਯੂ ਪ੍ਰਸ਼ਾਸਨ ਖਿਲਾਫ਼ ਉਸ ਸਮੇਂ ਰੋਹ ਹੋਰ ਤਿੱਖਾ ਹੋ ਗਿਆ, ਜਦੋਂ ਅਥਾਰਿਟੀ ਵੱਲੋਂ ਹੋਸਟਲਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਗਿਆ।
ਇਸ ਨੋਟੀਫਿਕੇਸ਼ਨ ਮੁਤਾਬਕ ਕੈਂਪਸ ਵਿੱਚ ਸਿਰਫ਼ ਉਹੀ ਖੋਜਾਰਥੀ ਹੋਸਟਲ ਦੀ ਸੁਵਿਧਾ ਲੈਣ ਦੇ ਹੱਕਦਾਰ ਹੋਣਗੇ ਜਿਹੜੇ ਸਿਰਫ਼ ਪੀਯੂ ਕੈਂਪਸ ਵਿਚਲੇ ਵਿਭਾਗਾਂ/ ਸੈਂਟਰਾਂ ਦੀ ਫੈਕਲਟੀ/ ਗਾਈਡਾਂ ਦੀ ਸੁਪਰਵਿਜ਼ਨ ਹੇਠ ਖੋਜ ਕਾਰਜ ਕਰਨਗੇ।
ਲੜੀਵਾਰ ਧਰਨੇ ਦੇ ਰਹੀ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਦੇ ਪ੍ਰਧਾਨ ਸੰਦੀਪ ਸਮੇਤ ਹੋਰਨਾਂ ਵਿਦਿਆਰਥੀ ਆਗੂਆਂ ਪਿਯਾ, ਗਗਨ, ਅਰਸ਼, ਕੁਲਦੀਪ, ਰੋਹਿਤ, ਬਲਰਾਜ ਆਦਿ ਨੇ ਦੱਸਿਆ ਕਿ ਅਥਾਰਿਟੀ ਦਾ ਇਹ ਨਾਦਰਸ਼ਾਹੀ ਫਰਮਾਨ ਅਕਾਦਮਿਕ ਮਾਹੌਲ ਨੂੰ ਖ਼ਰਾਬ ਕਰਨ ਦੇ ਬਰਾਬਰ ਹੈ। ਉਨ੍ਹਾਂ ਵਾਈਸ ਚਾਂਸਲਰ ਨੂੰ ਅਪੀਲ ਕੀਤੀ ਕਿ ਖੋਜਾਰਥੀਆਂ ਨੂੰ ਪ੍ਰੇਸ਼ਾਨ ਕਰਨ ਦੀ ਥਾਂ ਖੋਜਾਂ ’ਤੇ ਕੰਮ ਲਈ ਕਦਮ ਚੁੱਕੇ ਜਾਣ।