ਨਵੀਂ ਦਿੱਲੀ, 28 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਕਰਿਆਪਾ ਮੈਦਾਨ ਵਿੱਚ ਨੈਸ਼ਨਲ ਕੈਡੇਟ ਕੋਰ ਪੀਐਮ ਰੈਲੀ ਵਿੱਚ ਬੋਲਦਿਆਂ ਸਟਾਰਟ-ਅੱਪ ਤੋਂ ਲੈ ਕੇ ਖੇਡਾਂ ਤੱਕ ਦੇ ਖੇਤਰਾਂ ਵਿੱਚ ਭਾਰਤ ਦੇ ਨੌਜਵਾਨਾਂ ਦੀ ਤਾਕਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਦੇ ਨੌਜਵਾਨ ‘ਰਾਸ਼ਟਰ ਪਹਿਲਾਂ’ ਦੀ ਭਾਵਨਾ ਨਾਲ ਕੰਮ ਕਰਦੇ ਹਨ, ਉਸ ਦੇਸ਼ ਨੂੰ ਕੋਈ ਨਹੀਂ ਰੋਕ ਸਕਦਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਇਮ ਕੀਤੀ ਉੱਚ ਪੱਧਰੀ ਸਮੀਖਿਆ ਕਮੇਟੀ ਨਾਲ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦੋ ਸਾਲਾਂ ਵਿੱਚ ਸਰਹੱਦੀ ਖੇਤਰਾਂ ਵਿੱਚ ਇੱਕ ਲੱਖ ਤੋਂ ਵੱਧ ਨਵੇਂ ਐਨਸੀਸੀ ਕੈਡਿਟਸ ਸ਼ਾਮਲ ਕੀਤੇ ਗਏ ਹਨ। ਉਸ ਨੇ ਸੰਗਠਨ ਵਿੱਚ ਲੜਕੀਆਂ ਦੀ ਸ਼ਮੂਲੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਵਿੱਚ ਔਰਤਾਂ ਨੂੰ ਵਧੇਰੇ ਜ਼ਿੰਮੇਵਾਰੀ ਮਿਲ ਰਹੀ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਐਨਸੀਸੀ ਕੈਡਿਟਸ ਨੂੰ ਖ਼ੁਦ ਦੇ ਨਾਲ ਨਾਲ ਆਪਣੇ ਕੈਂਪਸ ਨੂੰ ਵੀ ਇਸ ਅਲਾਮਤ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਵੀ ਮਦਦ ਕਰਨ ਜੋ ਐਨਸੀਸੀ ਵਿਚ ਸ਼ਮੂਲੀਅਤ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਡਿਜੀਟਲ ਤਕਨਾਲੋਜੀ ਅਤੇ ਸੂਚਨਾ ਖੇਤਰ ਦੇ ਇਸ ਯੁੱਗ ਵਿਚ ਗ਼ਲਤ ਜਾਣਕਾਰੀ ਫ਼ੈਲਣ ਦੇ ਖ਼ਦਸ਼ੇ ਵਧੇਰੇ ਹਨ। ਐਨਸੀਸੀ ਕੈਡਿਟਸ ਇਸ ਸਬੰਧੀ ਵੀ ਜਾਗਰੂਕਤਾ ਮੁਹਿੰਮ ਚਲਾ ਸਕਦੇ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਭਾਰਤ ਨੂੰ ਸਵੈ-ਨਿਰਭਰ ਬਣਾਉਣ ਵੱਲ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁਲਕ ਵਿਚ ਤਿਆਰ ਉਤਪਾਦਾਂ ਦੀ ਵਰਤੋਂ ਨਾਲ ਜਿੱਥੇ ਮੁਲਕ ਮਜ਼ਬੂਤ ਹੋਵੇਗਾ, ਉੱਥੇ ਹੀ ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਵਧਣਗੇ। -ਪੀਟੀਆਈ
ਸਿੱਖ ਕੈਡਿਟਸ ਵਾਲੀ ਪੱਗ ਬੰਨ੍ਹ ਕੇ ਪੁੱਜੇ ਪ੍ਰਧਾਨ ਮੰਤਰੀ
ਨਵੀਂ ਦਿੱਲੀ: ਗਣਤੰਤਰ ਦਿਵਸ ਦੀ ਪਰੇਡ ਮੌਕੇ ਉੱਤਰਾਖੰਡ ਦੀ ਰਵਾਇਤੀ ਟੋਪੀ ਅਤੇ ਮਨੀਪੁਰ ਦੀ ਸਟੋਲ ਪਹਿਨਣ ਵਾਲੇ ਪ੍ਰਧਾਨ ਮੰਤਰੀ ਅੱਜ ਦੀ ਐਨਸੀਸੀ ਰੈਲੀ ਵਿਚ ਸਿੱਖ ਕੈਡਿਟਸ ਵਾਲੀ ਪੱਗ ਬੰਨ੍ਹ ਕੇ ਪੁੱਜੇ। ਉਨ੍ਹਾਂ ਨੇ ਰਾਈਫਲ ਗਰੀਨ ਰੰਗ ਦੀ ਪੱਗ ਬੰਨ੍ਹ ਕੇ ਉੱਪਰ ਲਾਲ ਰੰਗ ਦੀ ਕਲਗੀ ਲਾਈ ਹੋਈ ਸੀ। ਸੂਤਰਾਂ ਅਨੁਸਾਰ ਕੇਦਾਰਨਾਥ ਮੰਦਿਰ ਵਿਚ ਪੂਜਾ ਕਰਨ ਸਮੇਂ ਉਨ੍ਹਾਂ ਨੇ ਬ੍ਰਹਮਕਮਲ ਦੀ ਵਰਤੋਂ ਕੀਤੀ ਸੀ। ਜ਼ਿਕਰਯੋਗ ਹੈ ਕਿ ਅਗਲੇ ਮਹੀਨੇ ਪੰਜਾਬ, ਉੱਤਰਾਖੰਡ ਅਤੇ ਮਨੀਪੁਰ ਵਿਚ ਚੋਣਾਂ ਹੋਣ ਵਾਲੀਆਂ ਹਨ।
ਪ੍ਰਧਾਨ ਮੰਤਰੀ ਵੱਲੋਂ ਲਾਲ ਲਾਜਪਤ ਰਾਏ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੀ ਜੈਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ‘ਪੰਜਾਬ ਕੇਸਰੀ’ ਨੂੰ ਯਾਦ ਕਰਦਿਆਂ, ਸ੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਵਿਚ ਉਨ੍ਹਾਂ ਦੀ ਬਹਾਦਰੀ, ਸੰਘਰਸ਼ ਅਤੇ ਸਮਰਪਣ ਦੀ ਕਹਾਣੀ ਦੇਸ਼ ਵਾਸੀਆਂ ਨੂੰ ਹਮੇਸ਼ਾ ਯਾਦ ਰਹੇਗੀ। 1865 ਵਿੱਚ ਜਨਮੇ, ਰਾਏ ਮਹਾਨ ਰਾਸ਼ਟਰਵਾਦੀ ਸਨ ਜਿਨ੍ਹਾਂ ਨੇ ਸਮਾਜਿਕ ਸੁਧਾਰਾਂ ਲਈ ਵੀ ਕੰਮ ਕੀਤਾ। -ਪੀਟੀਆਈ