ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਭਾਰਤ ਸਰਕਾਰ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਉਤਸਵ ਮਨਾਉਣ ਦੌਰਾਨ ਹੀ ਭਾਰਤੀ ਡਾਕ ਵਿਭਾਗ ਵੱਲੋਂ ਦੇਸ਼ ਵੰਡ ਨਾਲ ਜੁੜੀਆਂ ਯਾਦਾਂ ਤੇ ਹੋਰ ਤਤਕਾਲੀ ਸਰਗਰਮੀਆਂ ਬਾਰੇ ਨੁਮਾਇਸ਼ ਗੋਲ ਡਾਕਖਾਨਾ (ਨਵੀਂ ਦਿੱਲੀ) ਵਿੱਚ ਲਾਈ ਗਈ। ਨੁਮਾਇਸ਼ ਦਾ ਉਦਘਾਟਨ ਪਦਮ ਵਿਭੂਸ਼ਣ ਤਰਲੋਚਨ ਸਿੰਘ ਵੱਲੋਂ ਕੀਤਾ ਗਿਆ।ਨੁਮਾਇਸ਼ ਵਿੱਚ ਉਹ ਲੋਕ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਦੇਸ਼ ਵੰਡ ਹੁੰਦੀ ਅੱਖੀਂ ਦੇਖੀ ਸੀ। ਉਨ੍ਹਾਂ ਵਿੱਚੋਂ ਤਰਲੋਚਨ ਸਿੰਘ ਵੀ ਹਨ। ਇਸ ਮੌਕੇ ਤਰਲੋਚਨ ਸਿੰਘ ਨੇ ਭਾਰਤ-ਪਾਕਿਸਤਾਨ ਵੰਡ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਨੁਮਾਇਸ਼ ਵਿੱਚ ਭਾਰਤ-ਪਾਕਿ ਦੀ ਹੋਂਦ ਸਮੇਂ ਆਬਾਦੀ ਦਾ ਤਬਾਦਲਾ ਕਰਨ, ਹਿੰਸਾ ਨਾਲ ਜੁੜੀਆਂ ਤਸਵੀਰਾਂ ਸਮੇਤ ਉੱਦੋਂ ਦੇ ਅਖ਼ਬਾਰਾਂ ਦੀਆਂ ਕਾਪੀਆਂ ਤੇ ਹੋਰ ਅਹਿਮ ਦਸਤਾਵੇਜ਼ਾਂ ਦੀਆਂ ਨਕਲਾਂ ਸ਼ਾਮਲ ਕੀਤੀਆਂ ਗਈਆਂ। ਇਸ ਮੌਕੇ ਤਰਲੋਚਨ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਭਾਰਤ ਸਰਕਾਰ ਵੱਲੋਂ ਦੇਸ਼ ਵੰਡ ਦੀ ਕੌਮਾਂਤਰੀ ਪੱਧਰ ਦੀ ਘਟਨਾ ਨੂੰ ਅਪਣਾ ਕੇ ਸਮਾਗਮ ਕਰਵਾਏ ਜਾ ਰਹੇ ਹਨ।