ਮਕਬੂਲ ਅਹਿਮਦ
ਕਾਦੀਆਂ, 7 ਜੂਨ
ਨਗਰ ਕੌਂਸਲ ਕਾਦੀਆਂ ਸਾਹਮਣੇ ਬਣੇ ਤਿੰਨ ਖੋਖਿਆਂ ’ਤੇ ਸਥਾਨਕ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾ ਦਿੱਤਾ। ਨਗਰ ਕੌਂਸਲ ਕਾਦੀਆਂ ਦੇ ਈਓ ਬ੍ਰਿਜ ਮੋਹਨ ਤ੍ਰਿਪਾਠੀ ਨੇ ਦੱਸਿਆ ਕਿ ਕੌਂਸਲ ਵੱਲੋਂ ਸ਼ਹਿਰ ਵਿਚ ਤਿੰਨ ਦਿਨ ਪਹਿਲਾਂ ਮੁਨਾਦੀ ਕਰਵਾ ਦਿੱਤੀ ਗਈ ਸੀ ਕਿ ਜਿਨ੍ਹਾਂ ਨੇ ਵੀ ਬਾਜ਼ਾਰਾਂ ਵਿਚ ਨਾਜਾਇਜ਼ ਤੌਰ ’ਤੇ ਦੁਕਾਨਾਂ ਵਧਾਈਆਂ ਹਨ, ਉਹ ਹਟਾ ਲੈਣ ਅਜਿਹਾ ਨਾ ਕਰਨ ’ਤੇ ਪ੍ਰਸ਼ਾਸਨ ਕਾਰਵਾਈ ਕਰੇਗਾ। ਇਸ ’ਤੇ ਅੱਜ ਨਗਰ ਕੌਂਸਲ ਦੇ ਦਫ਼ਤਰ ਦੇ ਸਾਹਮਣੇ ਤਿੰਨ ਖੋਖਿਆਂ ’ਤੇ ਕੌਂਸਲ ਕਰਮਚਾਰੀਆਂ ਨੇ ਜੇਸੀਬੀ ਮਸ਼ੀਨ ਚਲਾ ਕੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਹਨ। ਇਸ ਮੌਕੇ ਭਾਰੀ ਪੁਲੀਸ ਫੋਰਸ ਤੇ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਅਕਾਲੀ ਦਲ (ਬਾਦਲ) ਦੇ ਆਗੂ ਗੁਰਦਿਲਬਾਗ ਸਿੰਘ ਮਾਹਲ ਨੇ ਕਿਹਾ ਹੈ ਕਿ ਕਾਂਗਰਸ ਵੱਲੋਂ ਇਹ ਬਦਲੇ ਦੀ ਭਾਵਨਾ ਦੇ ਮੰਤਵ ਨਾਲ ਕਾਰਵਾਈ ਕੀਤੀ ਗਈ ਹੈ। ਖੋਖਿਆਂ ਨੂੰ ਢਾਹੁਣ ਤੋਂ ਪਹਿਲਾਂ ਖੋਖਾ ਮਾਲਕਾਂ ਨੂੰ ਨੋਟਿਸ ਭੇਜੇ ਜਾਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਗ਼ਰੀਬ ਵਰਗ ਪਹਿਲਾਂ ਹੀ ਮੰਦੀ ਦਾ ਸ਼ਿਕਾਰ ਹੋ ਕੇ ਰੋਜ਼ੀ ਰੋਟੀ ਤੋਂ ਵਾਂਝਾ ਹੋ ਚੁੱਕਾ ਹੈ। ਦੂਜੇ ਪਾਸੇ, ਕਾਂਗਰਸ ਗ਼ਰੀਬਾਂ ਨਾਲ ਧੱਕਾ ਕਰ ਰਹੀ ਹੈ।
ਇਸੇ ਤਰ੍ਹਾਂ ਕਾਂਗਰਸੀ ਆਗੂ ਮਹਿੰਦਰਪਾਲ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਪਹਿਲਾਂ ਨੋਟਿਸ ਭੇਜਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸ਼ਹਿਰ ਦੀਆਂ ਹੋਰ ਥਾਵਾਂ ’ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ।
ਨਗਰ ਕੌਂਸਲ ਕਾਦੀਆਂ ਦੇ ਈਓ ਬ੍ਰਿਜ ਮੋਹਨ ਤ੍ਰਿਪਾਠੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿਮ ਚਲਾਈ ਜਾਵੇਗੀ ਤਾਂ ਕਿ ਸ਼ਹਿਰ ਨੂੰ ਸੁੰਦਰ ਅਤੇ ਸਾਫ਼ ਰੱਖਿਆ ਜਾ ਸਕੇ ਤੇ ਲੋਕਾਂ ਨੂੰ ਪਾਰਕਿੰਗ ਲਈ ਥਾਂ ਮਿਲ ਸਕੇ।