ਬੈਂਕਾਕ, 12 ਅਗਸਤ
ਸ੍ਰੀਲੰਕਾ ਦੇ ਅਹੁਦੇ ਤੋਂ ਹਟਾਏ ਗਏ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਥਾਈਲੈਂਡ ਦੀ ਰਾਜਧਾਨੀ ਵਿਚਲੇ ਇੱਕ ਹੋਟਲ ਵਿੱਚ ਰੁਕੇ ਹੋਏ ਹਨ ਤੇ ਸਥਾਨਕ ਪੁਲੀਸ ਨੇ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰਾਜਪਕਸੇ ਬੀਤੇ ਦਿਨ ਤਿੰਨ ਹੋਰ ਲੋਕਾਂ ਨਾਲ ਇੱਕ ਚਾਰਟਰਡ ਜਹਾਜ਼ ਰਾਹੀਂ ਸਿੰਗਾਪੁਰ ਤੋਂ ਇੱਥੇ ਪਹੁੰਚੇ ਸਨ। ਉਨ੍ਹਾਂ ਪਹਿਲਾਂ ਫੁਕੇਟ ’ਚ ਉੱਤਰਨਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦਾ ਜਹਾਜ਼ ਬੈਂਕਾਕ ਦੇ ਫੌਜੀ ਹਵਾਈ ਅੱਡੇ ’ਤੇ ਉਤਾਰਿਆ ਗਿਆ। ਜਿਸ ਹੋਟਲ ਵਿੱਚ ਰਾਜਪਕਸੇ ਰੁਕੇ ਹੋਏ ਹਨ, ਉੱਥੇ ਸਾਦੇ ਕੱਪੜਿਆਂ ’ਚ ਪੁਲੀਸ ਅਫਸਰ ਤਾਇਨਾਤ ਕੀਤੇ ਗਏ ਹਨ। ਰਿਪੋਰਟਾਂ ਅਨੁਸਾਰ ਅਧਿਕਾਰੀਆਂ ਨੇ ਰਾਜਪਕਸੇ ਨੂੰ ਆਪਣੀ ਇੱਥੇ ਠਾਹਰ ਦੌਰਾਨ ਹੋਟਲ ਅੰਦਰ ਹੀ ਰਹਿਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਪਣਾ ਸਿੰਗਾਪੁਰ ਦੇ ਵੀਜ਼ੇ ਦੀ ਮਿਆਦ ਮੁੱਕਣ ਮਗਰੋਂ ਰਾਜਪਕਸੇ ਥਾਈਲੈਂਡ ਆਏ ਹਨ। ਉਹ ਕਿਸੇ ਹੋਰ ਮੁਲਕ ਤੋਂ ਸਥਾਈ ਪਨਾਹ ਮਿਲਣ ਤੱਕ ਇੱਥੇ ਆਰਜ਼ੀ ਤੌਰ ’ਤੇ ਰਹਿਣਗੇ। -ਪੀਟੀਆਈ