ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 23 ਫ਼ਰਵਰੀ
ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਚਾਰ ਬੈਂਕ ਲੁੱਟਣ ਵਾਲੇ ਗਰੋਹ ਦੇ 8 ਮੈਂਬਰ ਕਾਬੂ ਕੀਤੇ ਹਨ। ਇਥੇ ਅੱਜ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਦੀਪਕ ਹਿਲੋਰੀ ਨੇ ਦੱਸਿਆ ਬੀਤੇ ਦਿਨੀਂ ਅੰਮ੍ਰਿਤਸਰ ਦਿਹਾਤੀ ਦੇ ਏਰੀਏ ਵਿਚ ਚਾਰ ਬੈਂਕਾਂ ਵਿਚ ਹੋਈ ਲੁੱਟ ਅਤੇ ਇਕ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼ ਦੇ ਮਾਮਲਿਆਂ ਨੂੰ ਹੱਲ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨਾਲ ਗਸ਼ਤ ਦੌਰਾਨ ਮਾਨਾਂਵਾਲਾ ਅੱਡੇ ਤੋਂ ਗੁਪਤ ਸੂਚਨਾ ਦੇ ਆਧਾਰ ’ਤੇ ਵਿਜੇ ਕੁਮਾਰ, ਸੰਦੀਪ ਸਿੰਘ ਤੇ ਮਨਜੀਤ ਸਿੰਘ ਨੂੰ ਕਾਬੂ ਕੀਤਾ। ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਦੇ ਦੂਜੇ ਸਾਥੀ ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਤੇ ਕਾਜਲ ਇਨ੍ਹਾਂ ਨਾਲ ਮਿਲ ਕੇ ਬੈਂਕ ਡਕੈਤੀਆਂ ਨੂੰ ਅੰਜਾਮ ਦਿੰਦੇ ਸਨ ਤੇ ਹੁਣ ਉਨ੍ਹਾਂ ਦੇ ਇਹ ਸਾਥੀ ਆਪਣੀ ਕਾਰ ਪੀਬੀ 02 ਡੀਐਲ 2581 ਵਿੱਚ ਜੰਡਿਆਲਾ ਗੁਰੂ ਵਿਖੇ ਇਕ ਬੈਂਕ ਡਕੈਤੀ ਨੂੰ ਅੰਜਾਮ ਦੇਣ ਲਈ ਆ ਰਹੇ ਹਨ ਤੇ ਇਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਟੀ ਪੁਆਇੰਟ ‘ਤੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ। ਇਸ ਗੱਡੀ ਨੂੰ ਪੁਲੀਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਐੱਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ ਦੀ ਪੁਲੀਸ ਪਾਰਟੀ ‘ਤੇ ਫਾਈਰਿੰਗ ਸ਼ੁਰੂ ਕਰ ਦਿੱਤੀ ਤੇ ਕਾਰ ਵਾਪਸ ਜਲੰਧਰ ਵਾਲੀ ਸਾਈਡ ਨੂੰ ਭਜਾ ਲਈ। ਪੁਲੀਸ ਪਾਰਟੀ ਵੱਲੋਂ ਕਾਰ ਦਾ ਪਿੱਛਾ ਕਰਕੇ ਉਸ ਨੂੰ ਅੱਡਾ ਟਾਂਗਰਾ ਵਿਖੇ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਦੀ ਤਲਾਸ਼ੀ ਲੈਣ ’ਤੇ ਇਨ੍ਹਾਂ ਕੋਲੋਂ 2 ਪਿਸਤੌਲ 16 ਜ਼ਿੰਦਾ ਕਾਰਤੂਸ ਬਰਾਮਦ ਹੋਏ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਰਾਕੇਸ਼ ਕੁਮਾਰ, ਵਿਜੇ ਕੁਮਾਰ, ਸੰਦੀਪ ਸਿੰਘ ਉਰਫ ਕਾਕਾ, ਮਨਜੀਤ ਸਿੰਘ ਉਰਫ਼ ਸੋਨੂੰ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਾਜਲ ਤੇ ਦਰਸ਼ਪ੍ਰੀਤ ਸਿੰਘ ਉਰਫ ਕ੍ਰਿਸ਼ਨਾ ਵਜੋਂ ਹੋਈ। ਪੁਲੀਸ ਨੇ ਇਨ੍ਹਾਂ ਕੋਲੋਂ 28 ਲੱਖ 2 ਹਜ਼ਾਰ 7 ਸੌ ਰੁਪਏ, 3 ਪਿਸਤੌਲ 32 ਬੋਰ, ਇਕ ਪਿਸਤੌਲ 30 ਬੋਰ, ਇਕ ਕਾਰ, 2 ਮੋਟਰਸਾਈਕਲ ਬਰਾਮਦ ਕੀਤੇ ਹਨ। ਐਸਐਸਪੀ ਨੇ ਦੱਸਿਆ ਇਨ੍ਹਾਂ ਵਿੱਚੋਂ ਕੁਲਵਿੰਦਰ ਸਿੰਘ ਉਰਫ ਮੱਧਰ ਦੇ ਖਿਲਾਫ ਪਹਿਲਾਂ ਵੀ ਲੁੱਟ ਖੋਹ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵੱਖ ਵੱਖ ਥਾਣਿਆਂ ਵਿੱਚ ਕਰੀਬ 11 ਮਾਮਲੇ ਦਰਜ ਹਨ, ਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਦੇ ਖ਼ਿਲਾਫ਼ ਲੁੱਟ ਖੋਹ ਅਤੇ ਅਗਵਾ ਕਰਨ ਦੇ 4 ਮਾਮਲੇ ਦਰਜ ਹਨ। ਇਨ੍ਹਾਂ ਨੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਵਿਚ ਪੰਜ ਬੈਂਕ ਡਕੈਤੀਆਂ ਤਰਨਤਾਰਨ ਜ਼ਿਲ੍ਹੇ ਵਿੱਚ ਤਿੰਨ, ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਵਿਚ ਦੋ ਕਾਰਾਂ ਖੋਹਣ ਅਤੇ ਜ਼ਿਲ੍ਹਾ ਬਟਾਲਾ ਵਿੱਚ ਹੋਰ ਕਈ ਵਾਰਦਾਤਾਂ ਨੂੰ ਅੰਜਾਮ ਦੇਣਾ ਕਬੂਲਿਆ ਹੈ।