ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਫਰਵਰੀ
ਕਮਿਸ਼ਨਰੇਟ ਪੁਲੀਸ ਨੇ ਟਰੱਕਾਂ ’ਚ ਲਿਆਂਦਾ ਸਕਰੈਪ ਚੋਰੀ ਕਰਕੇ ਵੇਚਣ ਦੇ ਮਾਮਲੇ ’ਚ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਤਿੰਨ ਟਰੱਕ, 16 ਕੁਇੰਟਲ 50 ਕਿਲੋ ਸਕਰੈਪ ਅਤੇ 5 ਕੁਇੰਟਲ 50 ਕਿਲੋ ਸਕਰੈਪ ਸਿੱਕਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ 3 ਲੱਖ ਰੁਪਏ ਤੋਂ ਵੱਧ ਬਣਦੀ ਹੈ। ਇਸ ਮਾਮਲੇ ਸਬੰਧੀ ਏਸੀਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 8 ਦੇ ਐੱਸਐੱਚਓ ਮੁਕੇਸ਼ ਕੁਮਾਰ ਨੂੰ ਸੂਹ ਮਿਲੀ ਸੀ ਕਿ ਇੰਡਸਟਰੀਅਲ ਏਰੀਏ ’ਚ ਤਿੰਨ ਟਰੱਕ ਆ ਰਹੇ ਹਨ। ਇਨ੍ਹਾਂ ਵਿਚ ਸਵਾਰ ਵਿਅਕਤੀ ਰਸਤੇ ਵਿਚੋਂ ਹੀ ਸਕਰੈਪ ਚੋਰੀ ਕਰਕੇ ਉਸ ਦੀ ਥਾਂ ’ਤੇ ਪਾਣੀ ਵਾਲੀਆਂ ਟੈਂਕੀਆਂ ਅਤੇ ਰੇਤਾ ਦੇ ਬੋਰੇ ਰੱਖ ਦਿੰਦੇ ਸਨ ਜਿਸ ਨਾਲ ਕੰਡਾ ਕਰਾਉਣ ’ਤੇ ਵਜ਼ਨ ਪੂਰਾ ਰਹਿੰਦਾ ਸੀ। ਫੜੇ ਗਏ ਮੁਲਜ਼ਮਾਂ ਵਿਰੁੱਧ ਥਾਣਾ ਡਿਵੀਜ਼ਨ ਨੰਬਰ 8 ਵਿਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਨਿੱਕੂ ਨੰਗਲ, ਜਸਵੀਰ ਸਿੰਘ ਵਾਸੀ ਪਿੰਡ ਸਿੰਘਪੁਰਾ, ਹਰਪ੍ਰੀਤ ਸਿੰਘ ਵਾਸੀ ਪਿੰਡ ਅਲੀਪੁਰੀ ਅਤੇ ਦਵਿੰਦਰ ਸਿੰਘ ਵਾਸੀ ਪਿੰਡ ਮਨੌਲੀ (ਸਾਰੇ ਜ਼ਿਲ੍ਹਾ ਰੋਪੜ) ਵਜੋਂ ਹੋਈ ਹੈ। ਪੁਲੀਸ ਨੇ ਟਰੱਕ ਅਤੇ ਸਮਾਨ ਕਬਜ਼ੇ ਵਿਚ ਲੈ ਲਿਆ ਹੈ।