ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੁਲਾਈ
ਬੀਤੇ ਤਿੰਨ ਮਹੀਨਿਆਂ ਦੌਰਾਨ ਦਿੱਲੀ ਮੈਟਰੋ ਦੀ ਔਸਤ ਰੋਜ਼ਾਨਾ ਸਵਾਰੀ ਵਿੱਚ ਹੌਲੀ-ਹੌਲੀ ਵਾਧਾ ਹੋਇਆ ਹੈ। ਡੀਐੱਮਆਰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਫ਼ਤਰ ਵਿੱਚ ਕੰਮ ਕਰਨ, ਸਕੂਲਾਂ ਅਤੇ ਕਈ ਸੰਸਥਾਵਾਂ ਦੇ ਮੁੜ ਖੁੱਲ੍ਹਣ ਨਾਲ ਪਿਛਲੇ ਕੁਝ ਹਫ਼ਤਿਆਂ ਵਿੱਚ ਸਵਾਰੀਆਂ ਦੀ ਗਿਣਤੀ ਵਿੱਚ ਸੁਧਾਰ ਹੋਇਆ ਹੈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਮੁਖੀ ਵਿਕਾਸ ਕੁਮਾਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਕਾਰਨ ਦੁਨੀਆ ਭਰ ਦੇ ਕਈ ਮਹਾਨਗਰਾਂ ਨੇ ਮੈਟਰੋ ਰੇਲ ਸਵਾਰੀਆਂ ਵਿੱਚ ਲਗਪਗ 20 ਫੀਸਦੀ ਦੀ ਕਮੀ ਦੇਖੀ। ਦਿੱਲੀ ਮੈਟਰੋ ਲਈ ਜੁਲਾਈ ਵਿੱਚ ਔਸਤ ਰੋਜ਼ਾਨਾ ਸਵਾਰੀ 42.64 ਲੱਖ ਰਹੀ। ਉਸ ਨੇ ਕਿਹਾ ਕਿ ਜੂਨ ਅਤੇ ਮਈ ਲਈ ਸਵਾਰੀ ਦੇ ਅੰਕੜੇ ਕ੍ਰਮਵਾਰ 41.90 ਲੱਖ 39.48 ਲੱਖ ਸਨ ਤੇ ਹੌਲੀ-ਹੌਲੀ ਵਾਧਾ ਹੋ ਰਿਹਾ ਹੈ।
ਅਧਿਕਾਰੀ ਨੇ ਅੱਗੇ ਕਿਹਾ ਕਿ ਮਹਾਂਮਾਰੀ ਦੇ ਸ਼ੁਰੂਆਤੀ ਪੜਾਅ ਦੌਰਾਨ ਲੋਕਾਂ ਨੂੰ ਔਨਲਾਈਨ ਖ਼ਰੀਦਦਾਰੀ ਕਰਨ ਦੀ ਆਦਤ ਪੈ ਗਈ ਸੀ ਅਤੇ ਇਹ ਰੁਝਾਨ ਜਾਰੀ ਹੈ। ਇਸ ਲਈ ਇਸ ਨੇ ਵੀ ਸਵਾਰੀਆਂ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਘੱਟ ਲੋਕ ਖ਼ਰੀਦਦਾਰੀ ਕਰਨ ਲਈ ਬਾਜ਼ਾਰਾਂ ਵਿੱਚ ਜਾ ਰਹੇ ਹਨ। ਅਧਿਕਾਰੀਆਂ ਅਨੁਸਾਰ ਯੈਲੋ ਲਾਈਨ ਅਜੇ ਵੀ ਸਵਾਰੀਆਂ ਦੇ ਸਭ ਤੋਂ ਵੱਡੇ ਹਿੱਸੇ (28.13 ਪ੍ਰਤੀਸ਼ਤ) ਤੇ ਬਲੂ ਲਾਈਨ (22 ਪ੍ਰਤੀਸ਼ਤ) ਨੂੰ ਢੋਂਹਦੀਆਂ ਹਨ।
ਈ-ਰਿਕਸ਼ਾ ਲਵੇਗਾ ਮੈਟਰੋ ਬੱਸ ਸੇਵਾ ਦੀ ਥਾਂ
ਦਿੱਲੀ ਮੈਟਰੋ ਵੱਲੋਂ ਈ-ਆਟੋ ਸਰਵਿਸ ਸ਼ੁਰੂ ਕੀਤੀ ਜਾਵੇਗੀ, ਜੋ ਸਟੇਸ਼ਨਾਂ ਦੇ ਨੇੜਲੇ ਇਲਾਕਿਆਂ ਤੋਂ ਸਵਾਰੀਆਂ ਢੋਹਣਗੇ। ਦਿੱਲੀ ਮੈਟਰੋ ਮੁਤਾਬਕ, ਇਸ ਦੀ ਸ਼ੁਰੂਆਤ ਦੁਆਰਕਾ ਇਲਾਕੇ ਤੋਂ ਕੀਤੀ ਜਾਵੇਗੀ ਜਿੱਥੇ ਦੂਰ-ਦੂਰ ਸੈਕਟਰ ਹੋਣ ਕਰਕੇ ਲੋਕਾਂ ਨੂੰ ਸਟੇਸ਼ਨਾਂ ਤੱਕ ਆਉਣ ਲਈ ਪ੍ਰੇਸ਼ਾਨੀ ਹੁੰਦੀ ਹੈ। ਸੈਕਟਰ-9 ਤੋਂ ਅਜਿਹੀ ਪਹਿਲ ਕੀਤੀ ਜਾਵੇਗੀ ਤੇ ਇਸ ਸੇਵਾ ਹੇਠ 136 ਆਟੋ ਇਸਤੇਮਾਲ ਕੀਤੇ ਜਾਣਗੇ। ਸ਼ਹਿਰ ਦੇ ਆਖ਼ਰੀ ਕੋਨੇ ਤੱਕ ਸਵਾਰੀਆਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਤਹਿਤ ਪਹਿਲਾਂ ਤੋਂ ਚੱਲ ਰਹੀਆਂ ਮੈਟਰੋ ਬੱਸਾਂ ਦਿੱਲੀ ਸਰਕਾਰ ਅਧੀਨ ਕੀਤੀਆਂ ਜਾਣਗੀਆਂ। ਕੁੱਲ 663 ਆਟੋ ਪੜਾਅਵਾਰ ਸੜਕਾਂ ਉਪਰ ਉਤਾਰੇ ਜਾਣਗੇ ਤੇ ਹੌਲੀ-ਹੌਲੀ ਮੈਟਰੋ ਬੱਸਾਂ (ਮਿੰਨੀ ਬੱਸਾਂ) ਹਟਾ ਲਈਆਂ ਜਾਣਗੀਆਂ।
ਦਿੱਲੀ ਵਿੱਚ ਕਰੋਨਾ ਕਾਰਨ ਤਿੰਨ ਮੌਤਾਂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ ਕੋਵਿਡ ਦੇ ਕੇਸਾਂ ਵਿੱਚ ਪਿਛਲੇ ਦਿਨ ਦੇ 400 ਦੇ ਮੁਕਾਬਲੇ (490) ਵਾਧਾ ਦਰਜ ਕੀਤਾ ਗਿਆ, ਜਦੋਂਕਿ ਕੋਵਿਡ ਨਾਲ ਸਬੰਧਤ ਤਿੰਨ ਮੌਤਾਂ ਹੋਈਆਂ। ਦਿੱਲੀ ਸਰਕਾਰ ਦੇ ਸਿਹਤ ਬੁਲੇਟਿਨ ਅਨੁਸਾਰ, ਅੱਜ ਕੋਵਿਡ ਸਕਾਰਾਤਮਕਤਾ ਦਰ ਵੀ ਵਧ ਕੇ 3.16 ਪ੍ਰਤੀਸ਼ਤ ਹੋ ਗਈ ਹੈ, ਜਦੋਂ ਕਿ ਸਰਗਰਮ ਮਾਮਲਿਆਂ ਦੀ ਗਿਣਤੀ 1,966 ਹੈ, ਜਿਨ੍ਹਾਂ ਵਿੱਚੋਂ 1,380 ਮਰੀਜ਼ਾਂ ਦਾ ਇਲਾਜ ਘਰਾਂ ਵਿੱਚ ਇਕੱਲਤਾ ਵਿੱਚ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 481 ਮਰੀਜ਼ ਠੀਕ ਹੋਣ ਨਾਲ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 19,13,651 ਹੋ ਗਈ ਹੈ ਨਵੇਂ ਕੇਸਾਂ ਤੋਂ ਬਾਅਦ ਕੁੱਲ ਕੇਸਾਂ ਦਾ ਭਾਰ 19,41,905 ਹੋ ਗਿਆ ਹੈ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 26,288 ਹੋ ਗਈ ਹੈ ਕੋਵਿਡ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 253 ਹੈ। ਕੁੱਲ 15,495 ਨਵੇਂ ਟੈਸਟ 11,294 ਅਤੇ 4,201 ਰੈਪਿਡ ਐਂਟੀਜੇਨ ਪਿਛਲੇ 24 ਘੰਟਿਆਂ ਵਿੱਚ ਕਰਵਾਏ ਗਏ ਜਿਸ ਨਾਲ ਕੁੱਲ ਟੈਸਟ 3,92,58,502 ਹੋ ਗਏ ਜਦੋਂ ਕਿ 25,169 ਵੈਕਸੀਨ 2,318 ਪਹਿਲੀ ਖੁਰਾਕਾਂ, 5,932 ਦੂਜੀਆਂ ਖੁਰਾਕਾਂ ਤੇ 16,919 ਸਾਵਧਾਨੀ ਦੀਆਂ ਖੁਰਾਕਾਂ ਦਿੱਤੀਆਂ। ਹੁਣ ਤੱਕ ਟੀਕਾਕਰਨ ਦੀ ਗਿਣਤੀ 3,53,03,136 ਹੈ।